ਰਾਜਸਥਾਨ ਦੇ ਸ਼ਹਿਰ ਭਰਤਪੁਰ ਦੇ ਲਛਮਣ ਨਗਰ ਇਲਾਕੇ ’ਚ ਟ੍ਰੈਫ਼ਿਕ ਪੁਲਿਸ ਦੇ ਇੱਕ ਅਧਿਕਾਰੀ ਵੱਲੋ਼ ਇੱਕ ਸਿੱਖ ਨੌਜਵਾਨ ਦੀ ਦਸਤਾਰ ਦਾ ਅਪਮਾਨ ਕਰਨ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਬੇਰਹਿਮੀ ਘਸੀਟਣ ਤੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਨਾਲ ਹੱਦੋਂ ਵੱਧ ਕੁੱਟਮਾਰ ਕਰਨ ਕਾਰਨ ਇਸ ਸੂਬੇ ਦੇ ਹੀ ਨਹੀਂ ਸਗੋਂ ਦੇਸ਼–ਵਿਦੇਸ਼ ’ਚ ਵਸਦੇ ਸਮੂਹ ਸਿੱਖਾਂ ‘ਚ ਹੀ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ। ਇਹ ਘਟਨਾ ਬੁੱਧਵਾਰ ਦੀ ਹੈ ਪਰ ਮੀਡੀਆ ‘ਚ ਇਸ ਖ਼ਬਰ ਨੂੰ ਪਤਾ ਨਹੀਂ ਕਿਉਂ ਦਬਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਿੱਖ ਨੌਜਵਾਨ ਭਰਤਪੁਰ ‘ਚ ਰਿਕਸ਼ਾ ਚਲਾਉਂਦਾ ਹੈ ਤੇ ਉਹ ਕਿਤੇ ਗ਼ਲਤ ਪਾਸਿਓਂ ਕਿਸੇ ਅਜਿਹੇ ਰਸਤੇ ‘ਤੇ ਚਲਾ ਗਿਆ ਸੀ, ਜਿੱਥੇ ਆਵਾਜਾਈ ਸਿਰਫ਼ ਇੱਕੋ ਪਾਸੇ (ਵਨ–ਵੇਅ) ਨੂੰ ਹੀ ਜਾ ਸਕਦੀ ਹੈ। ਇਹ ਵੇਖ ਕੇ ਡਿਊਟੀ ‘ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੂੰ ਜਿਵੇਂ ਵੱਖਰੀ ਕਿਸਮ ਦਾ ਹੀ ਰੋਹ ਚੜ੍ਹ ਗਿਆ। ਉਸ ਨੇ ਸਿੱਖ ਰਿਕਸ਼ਾ–ਚਾਲਕ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉੱਥੇ ਵੱਡੀ ਭੀੜ ਇਕੱਠੀ ਹੋ ਗਈ।
ਭੀੜ ‘ਚੋਂ ਹੀ ਕਿਸੇ ਨੇ ਆਪਣੇ ਮੋਬਾਇਲ ਫ਼ੋਨ ਨਾਲ ਵਿਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਇਹ ਵਿਡੀਓ ਰਾਜਸਥਾਨ ਦੇ ਨਾਲ–ਨਾਲ ਹੁਣ ਸਮੁੱਚੇ ਭਾਰਤ ‘ਚ ਹੀ ਵਾਇਰਲ ਹੋ ਰਹੀ ਹੈ। ਪੁਲਿਸ ਅਧਿਕਾਰੀ ਨੂੰ ਪਤਾ ਨਹੀਂ ਲੱਗਾ ਕਿ ਕੋਈ ਵਿਡੀਓ ਬਣਾ ਰਿਹਾ ਹੈ ਕਿਉਂਕਿ ਉਹ ਤਾਂ ਤਾਕਤ ਦੇ ਨਸ਼ੇ ‘ਚ ਚੂਰ ਸੀ ਤੇ ਆਲੇ–ਦੁਆਲੇ ਇਕੱਠੀ ਹੋਈ ਭੀੜ ਨੂੰ ਵੇਖ ਕੇ ਸਗੋਂ ਹੋਰ ਵੀ ਮਸਤ–ਮਸਤ ਕੇ ਸਿੱਖ ਰਿਕਸ਼ਾ ਚਾਲਕ ਦਾ ਜਾਣਬੁੱਝ ਕੇ ਅਪਮਾਨ ਕਰ ਰਿਹਾ ਸੀ।
ਸਥਾਨਕ ਸਿੰਘ ਸਭਾ ਨੇ ਮੁਲਜ਼ਮ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।