ਰਾਜਸਥਾਨ ਵਿੱਚ ਆਪਣੇ ਦੋ ਦੋਸਤਾਂ ਨਾਲ ਮੰਦਰ ਜਾ ਰਹੀ 15 ਸਾਲਾ ਲੜਕੀ ਨੂੰ ਅਗ਼ਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਤਿੰਨ ਲੋਕਾਂ ਨੇ ਲੜਕੀ ਨਾਲ ਬਲਾਤਕਾਰ ਕੀਤਾ। ਇਕ ਦੋਸਤ ਦੇ ਬਾਜ਼ਾਰ ਜਾ ਕੇ ਮਦਦ ਮੰਗਣ ਤੋਂ ਬਾਅਦ ਲੜਕੀ ਨੂੰ ਬਚਾਇਆ ਜਾ ਸਕਿਆ। ਲੜਕੀ ਬਿਨਾਂ ਕੱਪੜਿਆਂ ਤੋਂ ਤਕਰੀਬਨ ਅੱਧਾ ਕਿਲੋਮੀਟਰ ਤੱਕ ਦੌੜੀ। ਇਸ ਤੋਂ ਬਾਅਦ, ਜਦੋਂ ਉਹ ਰੁਕੀ ਤਾਂ ਇੱਕ ਵਿਅਕਤੀ ਨੇ ਉਸ ਨੂੰ ਕੱਪੜੇ ਦਿੱਤੇ ਅਤੇ ਘਰ ਪਹੁੰਚਾਇਆ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਇਕ ਦਾ ਨਾਮ ਰਾਜੂ ਕਾਹਰ ਅਤੇ ਦੂਜੇ ਦਾ ਨਾਮ ਕੈਲਾਸ਼ ਕਾਹਰ ਹੈ। ਉਸੇ ਸਮੇਂ, ਤੀਸਰਾ ਵਿਅਕਤੀ ਨਾਰਾਇਣ ਗੁਰਜਰ ਹੈ, ਜਿਸ ਦੀ ਉਮਰ ਲਗਭਗ 40 ਸਾਲ ਹੈ।
ਇਹ ਘਟਨਾ ਸੋਮਵਾਰ ਨੂੰ ਜੈਪੁਰ ਤੋਂ 250 ਕਿਲੋਮੀਟਰ ਦੂਰ ਭਿਲਵਾੜਾ ਜ਼ਿਲ੍ਹੇ ਵਿੱਚ ਵਾਪਰੀ। ਭਿਲਵਾੜਾ ਜ਼ਿਲ੍ਹਾ ਪੁਲਿਸ ਮੁਖੀ ਹਰਿੰਦਰ ਮਾਹਵਰ ਨੇ ਦੱਸਿਆ ਕਿ ਲੜਕੀ ਆਪਣੇ ਦੋ ਦੋਸਤਾਂ ਨਾਲ ਮੰਦਰ ਜਾ ਰਹੀ ਸੀ ਜਦੋਂ ਤਿੰਨ ਸ਼ੱਕੀ ਵਿਅਕਤੀ ਸੜਕ ਦੇ ਕਿਨਾਰੇ ਸ਼ਰਾਬ ਪੀਂਦੇ ਦਿਖਾਈ ਦਿੱਤੇ। ਤਿੰਨੇ ਲੜਕੀ ਦਾ ਪਿੱਛਾ ਕਰਨ ਲੱਗ ਪਏ।
ਹਰਿੰਦਰ ਨੇ ਦੱਸਿਆ ਕਿ ਲੜਕੀ ਨੂੰ ਮੁਲਜ਼ਮਾਂ ਨੇ ਅਗ਼ਵਾ ਕਰ ਲਿਆ ਅਤੇ ਇੱਕ ਜਗ੍ਹਾ ਉੱਤੇ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਉਥੇ, ਲੜਕੀ ਦਾ ਇਕ ਦੋਸਤ ਭੱਜ ਕੇ ਨੇੜਲੇ ਬਾਜ਼ਾਰ ਵੱਲ ਗਿਆ ਜਿਥੇ ਇੱਕ ਚਾਂਦ ਖ਼ਾਨ ਰੰਗਰੇਜ ਨਾਮਕ ਦੁਕਾਨਦਾਰ ਨੂੰ ਆਪਣੇ ਨਾਲ ਬੁਲਾ ਕੇ ਲੈ ਗਿਆ।
ਰੰਗਰੇਜ ਨੇ ਦੱਸਿਆ ਕਿ ਮੈਂ ਸੋਮਵਾਰ ਸ਼ਾਮ ਨੂੰ ਆਪਣੀ ਦੁਕਾਨ 'ਤੇ ਬੈਠਾ ਸੀ ਜਦੋਂ ਲੜਕਾ ਬਹੁਤ ਡਰਿਆ ਹੋਇਆ ਅੰਦਰ ਆਇਆ। ਰੰਗਰੇਜ ਨੇ ਐਚ ਟੀ ਨੂੰ ਦੱਸਿਆ ਕਿ ਉਹ ਤੁਰੰਤ ਲੜਕੀ ਨੂੰ ਬਚਾਉਣ ਲਈ ਮੋਟਰ ਸਾਈਕਲ ਰਾਹੀਂ ਗਿਆ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਿੰਨੋਂ ਮੁਲਜ਼ਮ ਲੜਕੀ ਨੂੰ ਮਾਰ ਰਹੇ ਹਨ।
ਰੰਗਰੇਜ ਨੇ ਕਿਹਾ ਕਿ ਸਾਨੂੰ ਦੇਖ ਕੇ ਤਿੰਨੇ ਉਥੋਂ ਭੱਜ ਗਏ। ਲੜਕੀ ਇੰਨੀ ਡਰ ਗਈ ਕਿ ਉਹ ਬਿਨਾਂ ਕੱਪੜਿਆਂ ਤੋਂ ਤਕਰੀਬਨ ਅੱਧਾ ਕਿਲੋਮੀਟਰ ਤੱਕ ਦੌੜ ਗਈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।