ਸ੍ਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਦੇ ਛੇਤੀ ਪਿੱਛੋਂ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਮੁਖੀਆਂ ਨੂੰ ਆਪੋ–ਆਪਣੀਆਂ ਫ਼ੌਜਾਂ ਦੀਆਂ ਚੁਣੌਤੀਆਂ ਤੇ ਸਮੁੱਚੇ ਕੰਮਕਾਜ ਉੱਤੇ ਵੱਖੋ–ਵੱਖਰੀਆਂ ਪੇਸ਼ਕਾਰੀਆਂ ਤਿਆਰ ਕਰਨ ਲਈ ਆਖਿਆ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਇੱਥੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰਜ਼ ਵਿਖੇ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ, ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਤੇ ਜਲ ਸੈਨਾ ਦੇ ਨਵੇਂ ਨਿਯੁਕਤ ਮੁਖੀ ਕਰਮਬੀਰ ਸਿੰਘ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਦੇਸ਼ ਦੇ ਰੱਖਿਆ ਦ੍ਰਿਸ਼ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।
ਰੱਖਿਆ ਰਾਜ ਮੰਤਰੀ ਸ਼੍ਰੀਪਦ ਯਸ਼ੋ ਨਾਇਕ, ਰੱਖਿਆ ਸਕੱਤਰ ਸੰਜੇ ਮਿਤਰਾ ਤੇ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਸ੍ਰੀ ਰਾਜਨਾਥ ਸਿੰਘ ਦਾ ਬਹੁਤ ਜੋਸ਼ੋ–ਖ਼ਰੋਸ਼ ਨਾਲ ਸੁਆਗਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਦੀਆਂ ਵੱਖੋ–ਵੱਖਰੀਆਂ ਸ਼ਾਖਾਵਾਂ ਨੂੰ ਵੀ ਪੇਸ਼ਕਾਰੀਆਂ ਤਿਆਰ ਕਰਨ ਲਈ ਆਖਿਆ ਗਿਆ ਹੈ; ਜਿਨ੍ਹਾਂ ਦੀ ਛੇਤੀ ਹੀ ਇੱਕ ਮੀਟਿੰਗ ਦੌਰਾਨ ਸਮੀਖਿਆ ਕੀਤੀ ਜਾਵੇਗੀ।
ਪਿਛਲੀ ਐੱਨਡੀਏ ਸਰਕਾਰ ਵਿੱਚ ਸ੍ਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ।
ਰੱਖਿਆ ਮੰਤਰਾਲੇ ’ਚ ਦੁਪਹਿਰ ਵੇਲੇ ਸ੍ਰੀ ਰਾਜਨਾਥ ਸਿੰਘ ਦੇ ਪੁੱਜਣ ’ਤੇ ਤਿੰਨੇ ਫ਼ੌਜਾਂ ਦੇ ਮੁਖੀਆਂ ਤੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਸ਼ੁਭਕਾਮਨਾ ਦੇਣ ਵਾਲੇ ਸਾਰੇ ਲੋਕਾਂ ਨੂੰ ਟੀਚੇ ਹਾਸਲ ਕਰਨ ਲਈ ਆਪੋ–ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ।