ਰੱਖਿਆ ਮੰਤਰੀ ਰਾਜਨਾਥ ਸਿੰਘ ਹਵਾਈ ਫ਼ੌਜ ਦਾ ਪਹਿਲਾ ਰਾਫ਼ੇਲ ਹਵਾਈ ਜਹਾਜ਼ ਲੈਣ ਲਈ ਅੱਜ ਫ਼ਰਾਂਸ ਜਾਣਗੇ। ਇਸ ਦੌਰਾਨ ਉਹ ਫ਼ਰਾਂਸੀਸੀ ਰਾਸ਼ਟਰਪਤੀ ਇਮਾਨੂਏਲ ਮੈਕਰੋ ਨੂੰ ਵੀ ਮਿਲਣਗੇ। ਰਾਜਨਾਥ ਸਿੰਘ ਵਿਦੇਸ਼ ਵਿੱਚ ਭਾਰਤ ਦੀਆਂ ਧਾਰਮਿਕ ਕਦਰਾਂ–ਕੀਮਤਾਂ ਨੂੰ ਬਰਕਰਾਰ ਰੱਖਦਿਆਂ ਪੈਰਿਸ ’ਚ ਹੀ ‘ਸ਼ਸਤਰ–ਪੂਜਨ’ (ਹਥਿਆਰਾਂ ਦੀ ਪੂਜਾ) ਵੀ ਕਰਨਗੇ।
ਭਲਕੇ ਮੰਗਲਵਾਰ ਨੂੰ ਸਵੇਰੇ ਸ੍ਰੀ ਰਾਜਨਾਥ ਸਿੰਘ ਦਾ ਫ਼ਰਾਂਸ ਦੇ ਰਾਸ਼ਟਰਪਤੀ ਇਮਾਨੂਏਲ ਮੈਕਰੋਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਭਲਕੇ ਜਦੋਂ ਭਾਰਤੀ ਹਵਾਈ ਫ਼ੌਜ ਨੂੰ ਪਹਿਲਾ ਰਾਫ਼ੇਲ ਜਹਾਜ਼ ਮਿਲੇਗਾ, ਉਸੇ ਸਮੇਂ ਭਾਰਤ ’ਚ ਦੁਸਹਿਰਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੋਵੇਗਾ।
ਸ਼ਸਤਰ–ਪੂਜਨ ਤੋਂ ਬਾਅਦ ਹੀ ਸ੍ਰੀ ਰਾਜਨਾਥ ਸਿੰਘ ਰਾਫ਼ੇਲ ਹਵਾਈ ਜਹਾਜ਼ ’ਚ ਉਡਾਣ ਭਰਨਗੇ। ਸ੍ਰੀ ਰਾਜਨਾਥ ਸਿੰਘ ਦੇ ਕੁਝ ਨਜ਼ਦੀਕੀ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਜਦੋਂ ਗ੍ਰਹਿ ਮੰਤਰੀ ਸਨ, ਉਹ ਤਦ ਵੀ ਹਰ ਸਾਲ ਦੁਸਹਿਰਾ ਮੌਕੇ ਸ਼ਸਤਰ–ਪੂਜਨ ਕਰਦੇ ਹੁੰਦੇ ਸਨ। ਉਹ ਆਪਣੀ ਰਵਾਇਤ ਬਾਦਸਤੂਰ ਜਾਰੀ ਰੱਖਣਗੇ।
ਫ਼ਰਾਂਸ ਦੇ ਮੇਰੀਗਗਨੈਕ ਵਿਖੇ ਇੱਕ ਪ੍ਰੋਗਰਾਮ ਦੌਰਾਨ ਫ਼ਰਾਂਸ ਪਹਿਲਾ ਰਾਫ਼ੇਲ ਹਵਾਈ ਜਹਾਜ਼ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਹਵਾਲੇ ਕਰੇਗਾ। ਇਸ ਮੌਕੇ ਫ਼ਰਾਂਸੀਸੀ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੇ ਵੀ ਹਿੱਸਾ ਲੈਣਗੇ।
ਫ਼ਰਾਂਸ ਤੇ ਭਾਰਤ ਵਿਚਾਲੇ ਰੱਖਿਆ ਮਾਮਲਿਆਂ ਬਾਰੇ ਸਾਲਾਨਾ ਗੱਲਬਾਤ ਵੀ ਹੋਣੀ ਤੈਅ ਹੈ; ਜਿਸ ਵਿੱਚ ਸ੍ਰੀ ਰਾਜਨਾਥ ਸਿੰਘ ਤੇ ਫ਼ਲੋਰੈਂਸ ਪਾਰਲੇ ਦੋਵੇਂ ਦੇਸ਼ਾਂ ਦੇ ਰੱਖਿਆ ਸਬੰਧਾਂ ਬਾਰੇ ਗੱਲਬਾਤ ਕਰਨਗੇ।
9 ਅਕਤੂਬਰ ਨੂੰ ਸ੍ਰੀ ਰਾਜਨਾਥ ਸਿੰਘ ਫ਼ਰੈਂਚ ਡਿਫ਼ੈਂਸ ਇੰਡਸਟ੍ਰੀ ਦੇ CEOs ਦੀ ਇੱਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ। ਰੱਖਿਆ ਮੰਤਰੀ ਇਨ੍ਹਾਂ ਅਧਿਕਾਰੀਆਂ ਨੂੰ ‘ਮੇਕ ਇਨ ਇੰਡੀਆ’ ਵਿੱਚ ਭਾਗੀਦਾਰ ਬਣਾਉਣ ਦੀ ਅਪੀਲ ਕਰ ਸਕਦੇ ਹਨ।