ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ਼ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ `ਚ ਪੰਚਕੂਲਾਂ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸ਼ੁੱਕਰਵਾਰ ਨੂੰ ਦੋਸ਼ ਤੈਅ ਕੀਤੇ ਗਏ।
ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ `ਚ ਪਹਿਲਾਂ ਤੋਂ ਹੀ ਜੇਲ੍ਹ `ਚ ਬੰਦ ਰਾਮ ਰਹੀਮ ਤੋਂ ਇਲਾਵਾ ਇਸ ਮਾਮਲੇ `ਚ ਡਾ. ਮੋਹਿੰਦਰ ਇੰਸਾ, ਡਾ. ਪੀ ਆਰ ਗਰਗ ਨੂੰ ਦੋਸ਼ੀ ਬਣਾਇਆ ਗਿਆ ਹੈ। ਤਿੰਨਾਂ ਦੇ ਖਿਲਾਫ਼ ਆਈਪੀਸੀ ਦੀ ਧਾਰਾ 326, 417, 506 ਅਤੇ 120 ਬੀ ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ `ਚ ਰਾਮ ਰਹੀਮ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ, ਜਦੋਂ ਕਿ ਇੰਸਾ ਤੇ ਗਰਗ ਅਦਾਲਤ `ਚ ਪੇਸ਼ ਹੋਏ।
ਦੋਸ਼ ਤੈਅ ਕਰਨ ਤੋਂ ਪਹਿਲਾਂ ਬਚਾਅ ਪੱਖ ਦੇ ਵਕੀਲ ਧਰੂਵ ਗੁਪਤਾ ਨੇ ਦਲੀਲ ਦਿੱਤੀ ਕਿ ਗੁਰਮੀਤ ਰਾਮ ਰਹੀਮ ਵੱਲੋਂ ਕਿਸੇ ਨੂੰ ਵੀ ਨਪੁੰਸਕ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵੈਸੇ ਵੀ ਇਸ ਮਾਮਲੇ `ਚ ਧਾਰਾ 326 ਨਹੀਂ ਬਣਦੀ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਨਪੁੰਸਕ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ, ਉਨ੍ਹਾਂ ਦੇ ਸਰਜੀਕਲ ਆਪਰੇਸ਼ਨ ਹੋਏ ਹਨ।ਸੈਕਸ਼ਨ 326 ਕਿਸੇ ਖਤਰਨਾਕ ਹਥਿਆਰ ਦੀ ਵਰਤੋਂ ਕਰਨ `ਤੇ ਲੱਗਦੀ ਹੈ।
ਧਰੂਵ ਗੁਪਤਾ ਨੇ ਧਾਰਾ 417 (ਚੀਟਿੰਗ) `ਤੇ ਪੱਖ ਰੱਖਦੇ ਹੋਏ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ। ਇਨ੍ਹਾਂ ਸਾਧੂਆਂ ਨੇ ਮੋਕਸ਼ (ਮੁਕਤੀ) ਪ੍ਰਾਪਤ ਕਰਨਾ ਸੀ, ਇਸ ਲਈ ਉਨ੍ਹਾਂ ਆਪਰੇਸ਼ਨ ਕਰਵਾਏ। ਇਸ `ਚ ਰਾਮ ਰਹੀਮ ਦਾ ਕੋਈ ਲਾਭ ਨਹੀਂ ਸੀ।
ਬਚਾਅ ਪੱਖ ਨੇ ਕਿਹਾ ਕਿ ਇਨ੍ਹਾਂ `ਤੇ 120 ਬੀ ਅਪਰਾਧਿਕ ਸਾਜਿਸ਼ ਨਹੀਂ ਬਣਦਾ, ਕਿਉਂਕਿ ਸਾਧੂਆਂ ਦੇ ਆਪਰੇਸ਼ਨ ਨਾਲ ਡਾਕਟਰਾਂ ਨੂੰ ਕੋਈ ਲਾਭ ਨਹੀਂ ਹੁੰਦਾ। ਅਪਰਾਧਿਕ ਸਾਜਿਸ਼ ਤਾਂ ਹੀ ਬਣਦਾ ਹੈ, ਜਦੋਂ ਤਿੰਨਾਂ ਦਾ ਉਦੇਸ਼ ਇਕ ਹੋਵੇ, ਇਸ ਲਈ ਇਹ ਧਾਰਾਵਾਂ ਹਟਾਈਆਂ ਜਾਣੀਆਂ ਚਾਹੀਦੀਆਂ ਹਨ।
ਮੋਕਸ਼ ਦਾ ਝਾਂਸਾ ਦੇ ਕੇ ਨਪੁੰਸਕ ਬਣਾਏ
ਗੁਰਮੀਤ ਰਾਮ ਰਹੀਮ `ਤੇ ਦੋਸ਼ ਹੈ ਕਿ ਉਸਨੇ ਸਾਲ 2000 `ਚ ਮੋਕਸ਼ ਪਾਉਣ ਦਾ ਝਾਂਸਾ ਦੇ ਕੇ 400 ਸਾਧੂਆਂ ਨੂੰ ਨਪੁੰਸਕ ਬਣਾਇਆ ਸੀ। ਦੋਸ਼ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਇਹ ਸਾਧੂ ਆਪਣੇ ਪਰਿਵਾਰ ਨਾਲੋਂ ਦੂਰ ਹੋ ਜਾਣ ਅਤੇ ਡੇਰੇ ਲਈ ਵਫ਼ਾਦਾਰ ਬਣੇ ਰਹਿਣ। ਸਾਧੂਆਂ ਵੱਲੋਂ ਇਸ ਮਾਮਲੇ ਸਬੰਧੀ ਸਿ਼ਕਾਇਤ 2012 `ਚ ਕੀਤੀ ਗਈ।
ਅਗਲੀ ਸੁਣਵਾਈ 17 ਨੂੰ
ਅਦਾਲਤ ਵੱਲੋਂ ਦੋਸ਼ੀਆਂ ਦੇ ਖਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।