ਰਾਮ ਜਨਮ–ਭੂਮੀ ਕੰਪਲੈਕਸ ’ਚ ਮੰਦਰ ਉਸਾਰੀ ਕਾਰਨ ਬਿਰਾਜਮਾਨ ਰਾਮਲਲਾ ਦਾ ਸਥਾਨ ਪਰਿਵਰਤਨ ਭਾਵੇਂ ਹੁਣ ਜ਼ਰੂਰੀ ਹੋ ਗਿਆ ਹੈ ਪਰ ਸੁਰੱਖਿਆ ਇੰਤਜ਼ਾਮ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ, ਸਗੋਂ ਵਿਵਸਥਾ ਹੋਰ ਵੀ ਸਖ਼ਤ ਕਰਨ ਦੀ ਤਿਆਰੀ ਹੈ। ਇਸੇ ਲਈ ਅਸਥਾਈ ਮੰਦਰ ’ਚ ਪ੍ਰਤਿਸ਼ਿਠਿਤ ਹੋਣ ਦੇ ਬਾਅਦ ਵੀ ਰਾਮਲਲਾ ਗੂਗਲ–ਮੈਪ ਵਿੱਚ ਨਹੀਂ ਦਿਸਣਗੇ।
5 ਜੁਲਾਈ, 2005 ਨੂੰ ਰਾਮ ਜਨਮ–ਭੂਮੀ ਕੰਪਲੈਕਸ ’ਚ ਲਸ਼ਕਰ–ਏ–ਤੋਇਬਾ ਦੇ ਫ਼ਿਦਾਈਨ ਦਸਤੇ ਦੇ ਹਮਲੇ ਦੇ ਬਾਅਦ ਰਾਮਲਲਾ ਦੇ ਗਰਭ–ਗ੍ਰਹਿ ਦੀ ਲੋਕੇਸ਼ਨ ਨੂੰ ਗੂਗਲ–ਮੈਪ ਤੋਂ ਹਟਵਾਇਆ ਗਿਆ ਸੀ। ਰਾਮ ਜਨਮ–ਭੂਮੀ ਕੰਪਲੈਕਸ ਦੇ ਪੁਲਿਸ–ਸੁਰੱਖਿਆ ਮੁਖੀ ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਸੁਰੱਖਿਆ ਇੰਤਜ਼ਾਮ ਦੇ ਸਾਰੇ ਮਾਪਦੰਡਾਂ ਦਾ ਪੂਰੀ ਦ੍ਰਿੜ੍ਹਤਾ ਨਾਲ ਪਾਲਣ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੂਗਲ–ਮੈਪ ਤੋਂ ਜੀਪੀਐੱਸ ਲੋਕੇਸ਼ਨ ਹਟਾਉਣ ਲਈ ਹੈੱਡਕੁਆਰਟਰਜ਼ ਨੂੰ ਚਿੱਠੀ ਭੇਜੀ ਜਾਵੇਗੀ। ਇਸ ਤੋਂ ਪਹਿਲਾਂ ਰਾਮਲਲਾ ਦੇ ਸਥਾਨ–ਪਰਿਵਰਤਨ ਪਿੱਛੋਂ ਆਲੇ–ਦੁਆਲੇ ਦੇ ਖੇਤਰ ਤੇ ਉਨ੍ਹਾਂ ਵਿੱਚ ਸਥਿਤ ਇਮਾਰਤਾਂ ਦੇ ਸੁਰੱਖਿਆ ਇੰਤਜ਼ਾਮਾਂ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਅਸਥਾਈ ਮੰਦਰ ਦੇ ਢਾਂਚੇ ਨੂੰ ਮੁੜ ਬੁਲੇਟ–ਪਰੂਫ਼ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਰਾਮਲਲਾ ਅਯੁੱਧਿਆ ’ਚ ਅਸਥਾਈ ਮੰਦਰ ਵਿੱਚ ਸਥਾਈ ਵਿਸ਼ਾਲ ਮੰਦਰ ਦੀ ਉਸਾਰੀ ਮੁਕੰਮਲ ਹੋਣ ਤੱਕ ਬਿਰਾਜਮਾਨ ਰਹਿਣਗੇ।
ਇਸ ਮੰਦਰ ’ਚ ਰਾਮਲਲਾ ਦੇ ਬਿਰਾਜਮਾਨ ਹੋਣ ’ਤੇ ਪ੍ਰਾਣ–ਪ੍ਰਤਿਸ਼ਠਾ ਦੀ ਪਹਿਲੀ ਪੂਜਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਰਨਗੇ। ਇਹ ਪ੍ਰੋਗਰਾਮ 25 ਮਾਰਚ ਨੂੰ ਹੋਣਾ ਤੈਅ ਹੈ।
ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਰਾਮਲਲਾ ਬਿਰਾਜਮਾਨ ਦੇ ਦਰਸ਼ਨਾਂ ਦੀ ਮਿਆਦ ਦੋ ਘੰਟੇ ਵਧਾ ਦਿੱਤੀ ਗਈ ਹੈ। ਅਪਰ ਜ਼ਿਲ੍ਹਾ ਅਧਿਕਾਰੀ (ਕਾਨੂੰਨ–ਵਿਵਸਥਾ) ਪੀਡੀ ਗੁਪਤ ਨੇ ਦੱਸਿਆ ਕਿ ਪਹਿਲੀ ਵਾਰੀ ’ਚ ਦਰਸ਼ਨ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੇ ਦੂਜੀਜ ਵਾਰੀ ’ਚ ਦੁਪਹਿਰ 1 ਵਜੇ ਤੋਂ ਸ਼ਾਮੀਂ 6 ਵਜੇ ਤੱਕ ਹੋਣਗੇ। ਇਹ ਵਿਵਸਥਾ ਦੋ ਅਪ੍ਰੈਲ ਭਾਵ ਰਾਮਨੌਮੀ ਤੱਕ ਰਹੇਗੀ।