ਲੋਕ ਜਨਸ਼ਕਤੀ ਪਾਰਟੀ (LJP) ਦੇ ਐੱਮਪੀ ਰਾਮ ਚੰਦਰ ਪਾਸਵਾਨ ਦਾ ਅੱਜ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ। ਉਹ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਸਨ।
ਬੀਤੇ ਦਿਨੀਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਹ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੋਂ ਐੱਮਪੀ (MP – ਸੰਸਦ ਮੈਂਬਰ) ਸਨ।
ਸ੍ਰੀ ਰਾਮਚੰਦਰ ਪਾਸਵਾਨ ਦੀ ਹਾਲਤ ਦਿਲ ਦਾ ਦੌਰਾ ਪੈਣ ਦੇ ਬਾਅਦ ਤੋਂ ਹੀ ਲਗਾਤਾਰ ਗੰਭੀਰ ਬਣੀ ਹੋਈ ਸੀ। ਉਹ ਤਦ ਤੋਂ ਹੀ ਵੈਂਟੀਲੇਟਰ ਉੱਤੇ ਚੱਲ ਰਹੇ ਸਨ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਸਮੇਂ–ਸਮੇਂ ’ਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਡਾਕਟਰਾਂ ਤੋਂ ਲਗਾਤਾਰ ਲੈਂਦੇ ਰਹੇ ਸਨ।
ਸ੍ਰੀ ਰਾਮਚੰਦਰ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਰਾਮਵਿਲਾਸ ਪਾਸਵਾਨ ਦੇ ਛੋਟੇ ਭਰਾ ਸਨ। ਉਹ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੇ ਸਨ। ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਤਿੰਨੇ ਭਰਾ ਤੇ ਸ੍ਰੀ ਰਾਮਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ਼ ਪਾਸਵਾਨ ਸੰਸਦ ਮੈਂਬਰ ਹਨ।
ਸ੍ਰੀ ਰਾਮਚੰਦਰ ਪਾਸਵਾਨ ਨੂੰ ਦਿਲ ਦਾ ਦੌਰਾ ਪੈਂਦਿਆਂ ਹੀ ਬਿਹਾਰ ਦੀ ਸਿਆਸਤ ਵਿੱਚ ਕੁਝ ਹਿੱਲਜੁੱਲ ਸ਼ੁਰੂ ਹੋ ਗਈ ਸੀ।