ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਂਚੀ ਵਿੱਚ ਝਾਰਖੰਡ ਵਿਧਾਨ ਸਭਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਹ ਤਿੰਨ ਮੰਜ਼ਿਲਾ ਇਮਾਰਤ 465 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਰਾਜਪਾਲ ਦਰੋਪਦੀ ਮੁਰਮੂ ਅਤੇ ਮੁੱਖ ਮੰਤਰੀ ਰਘੁਬਰ ਦਾਸ ਦੀ ਹਾਜ਼ਰੀ ਵਿੱਚ ਇਸ ਇਮਾਰਤ ਦਾ ਉਦਘਾਟਨ ਕੀਤਾ।
ਇਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਹੱਤਵਪੂਰਨ ਮੁੱਦਿਆਂ ‘ਤੇ ਗੱਲ ਕੀਤੀ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਇਹ ਸੋਚਿਆ ਸੀ ਕਿ ਉਹ ਦੇਸ਼ ਦੇ ਕਾਨੂੰਨ ਤੋਂ ਉਪਰ ਉੱਠ ਚੁੱਕੇ ਹਨ, ਦੇਸ਼ ਦੀਆਂ ਅਦਾਲਤਾਂ ਤੋਂ ਵੀ ਉਪਰ ਹਨ, ਅੱਜ ਉਹ ਅਦਾਲਤ ਤੋਂ ਜ਼ਮਾਨਤ ਦੀ ਮੰਗ ਕਰ ਰਹੇ ਹਨ। ਸਾਡੀ ਸਰਕਾਰ ਹਰ ਭਾਰਤੀ ਨੂੰ ਸਮਾਜਿਕ ਸੁਰੱਖਿਆ ਦੀ ਢਾਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਉਨ੍ਹਾਂ ਲੋਕਾਂ ਦਾ ਸਾਥੀ ਬਣ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।
ਰਾਂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਖ਼ਾਸ ਗੱਲਾਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੇ ਸਮੇਂ ਮੈਂ ਤੁਹਾਡੇ ਕੋਲ ਇੱਕ ਮਜ਼ਬੂਤ ਅਤੇ ਦਮਦਾਰ ਸਰਕਾਰ ਦਾ ਵਾਅਦਾ ਕੀਤਾ ਸੀ। ਇਕ ਅਜਿਹੀ ਸਰਕਾਰ ਜੋ ਪਹਿਲਾਂ ਨਾਲੋਂ ਤੇਜ਼ੀ ਨਾਲ ਕੰਮ ਕਰੇਗੀ। ਇਕ ਅਜਿਹੀ ਸਰਕਾਰ ਜੋ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਲਗਾਏਗੀ। ਪਿਛਲੇ 100 ਦਿਨਾਂ ਵਿੱਚ ਦੇਸ਼ ਨੇ ਇਸ ਦਾ ਟ੍ਰੇਲਰ ਵੇਖ ਲਿਆ ਹੈ।
ਸਾਡਾ ਸੰਕਲਪ ਹੈ ਕਿ ਹਰ ਘਰ ਵਿੱਚ ਪਾਣੀ ਲਿਆਂਦਾ ਜਾਵੇ। ਅੱਜ, ਦੇਸ਼ ਜਲ ਜੀਵਨ ਮਿਸ਼ਨ ਨੂੰ ਪੂਰਾ ਕਰਨ ਲਈ ਨਿਕਲ ਪਿਆ ਹੈ। ਸਾਡਾ ਸੰਕਲਪ ਹੈ, ਅੱਤਵਾਦ ਵਿਰੁੱਧ ਫ਼ੈਸਲਾਕੁੰਨ ਲੜਾਈ ਦਾ। ਪਹਿਲੇ 100 ਦਿਨਾਂ ਵਿੱਚ ਅੱਤਵਾਦ ਰੋਕੂ ਕਾਨੂੰਨ ਨੂੰ ਮਜ਼ਬੂਤ ਕੀਤਾ ਗਿਆ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ 'ਤੇ ਲਿਜਾਣਾ ਸਾਡਾ ਸੰਕਲਪ ਹੈ। ਅਸੀਂ ਇਸ ਨੂੰ 100 ਦਿਨਾਂ ਦੇ ਅੰਦਰ ਅੰਦਰ ਸ਼ੁਰੂ ਕਰ ਦਿੱਤਾ ਹੈ।
ਅੱਜ ਦੇਸ਼ ਦੇ ਲਗਭਗ ਸਾਢੇ 6 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋਏ ਹਨ।
ਮੋਦੀ ਨੇ ਕਿਹਾ ਕਿ ਵਿਕਾਸ ਸਾਡੀ ਤਰਜੀਹ ਦੇ ਨਾਲ ਨਾਲ ਵਚਨਬੱਧਤਾ ਵੀ ਹੈ। ਵਿਕਾਸ ਦਾ ਸਾਡਾ ਵਾਅਦਾ ਵੀ ਅਤੇ ਇਰਾਦਾ ਵੀ ਹੈ। ਅੱਜ, ਦੇਸ਼ ਜਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ।