ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

  ਬੰਗਾਲ ਦਾ 'ਵਿਦਰੋਹੀ' ਸ਼ਾਇਰ - ਕਾਜ਼ੀ ਨਜ਼ਰੁਲ ਇਸਲਾਮ

  ਬੰਗਾਲ ਦਾ 'ਵਿਦਰੋਹੀ' ਸ਼ਾਇਰ - ਕਾਜ਼ੀ ਨਜ਼ਰੁਲ ਇਸਲਾਮ

       ਕਾਜ਼ੀ ਨਜ਼ਰੁਲ ਇਸਲਾਮ ਬੰਗਾਲੀ ਕਵੀ, ਲੇਖਕ ਤੇ ਸੰਗੀਤਕਾਰ ਹੋ ਗੁਜ਼ਰੇ ਹਨ, ਜਿਨ੍ਹਾਂ ਨੂੰ ਬੰਗਲਾਦੇਸ਼ ਦੇ "ਰਾਸ਼ਟਰੀ ਕਵੀ" ਹੋਣ ਦਾ ਮਾਣ ਪ੍ਰਾਪਤ ਹੈ। ਉਹ ਇੱਕੋ ਹੀ ਸਮੇਂ ਬੰਸਰੀਵਾਦਕ, ਕਹਾਣੀ- ਲੇਖਕ, ਗੀਤ- ਕੰਪੋਜ਼ਰ, ਨਾਟਕਕਾਰ, ਨਾਵਲਕਾਰ, ਸਾਹਿਤਕ- ਅਨੁਵਾਦਕ, ਸਿਪਾਹੀ, ਫ਼ਿਲਮਸਾਜ਼ ਅਤੇ ਰਾਜਨੀਤਕ ਕਾਰਕੁਨ ਸਨ।

 

 

      ਨਜ਼ਰੁਲ ਦਾ ਜਨਮ ਗ਼ਰੀਬ ਮੁਸਲਿਮ ਪਰਿਵਾਰ ਵਿੱਚ 25 ਮਈ 1899 ਨੂੰ ਚੁਰੂਲੀਆ, ਆਸਨਸੋਲ (ਜ਼ਿਲ੍ਹਾ ਬਰਧਮਾਨ), ਬੰਗਾਲ (ਹੁਣ ਵੈਸਟ ਬੰਗਾਲ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕਾਜ਼ੀ ਫਕੀਰ ਅਹਿਮਦ ਇੱਕ ਮਸਜਿਦ ਵਿੱਚ ਇਮਾਮ ਸਨ। ਉਨ੍ਹਾਂ ਦੀ ਮਾਤਾ ਦਾ ਨਾਮ ਜ਼ਾਹਿਦਾ ਖ਼ਾਤੂਨ ਸੀ। ਕਾਜ਼ੀ ਸਾਹਿਬਜਾਨਾ, ਕਾਜ਼ੀ ਅਲੀ ਹੁਸੈਨ (ਦੋ ਭਰਾ) ਅਤੇ ਭੈਣ ਉਮੇ ਕੁਲਸੁਮ ਦਾ ਭਰਾ ਨਜ਼ਰੁਲ ਛੋਟੇ ਹੁੰਦਿਆਂ ਬਹੁਤ ਬੀਮਾਰ ਰਹਿੰਦਾ ਸੀ, ਇਸ ਲਈ ਆਸਪਾਸ ਦੇ ਲੋਕ ਉਸ ਨੂੰ "ਦੁਖੂ ਮੀਆਂ" ਕਹਿੰਦੇ ਸਨ। 

 

 

       ਨਜ਼ਰੁਲ ਦੀ ਮੁੱਢਲੀ ਪੜ੍ਹਾਈ ਮਸਜਿਦ ਦੇ ਮਦਰੱਸੇ ਵਿੱਚ ਹੋਈ। ਜਦੋਂ ਉਹ ਦਸ ਸਾਲ ਦਾ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਪਿੱਛੋਂ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਰੀ ਨਜ਼ਰੁਲ ਸਿਰ ਆ ਪਈ। ਉਹ ਪਿਤਾ ਦੀ ਥਾਂ ਮਸਜਿਦ ਵਿੱਚ ਮੁਅੱਜ਼ਨ ਵਜੋਂ ਕੰਮ ਕਰਨ ਲੱਗਿਆ। 

 

 

      1917 ਵਿੱਚ ਉਹ ਪੜ੍ਹਾਈ ਛੱਡ ਕੇ 'ਡਬਲ ਕੰਪਨੀ' ਨਾਂ ਦੀ ਰਜਮੈਂਟ ਵਿੱਚ ਸ਼ਾਮਿਲ ਹੋ ਗਿਆ। ਉੱਥੋਂ ਉਹਨੂੰ ਉੱਤਰ -ਪੱਛਮ ਸੀਮਾ ਦੇ ਨੌਸ਼ਹਿਰਾ ਖੇਤਰ ਵਿੱਚ ਭੇਜ ਦਿੱਤਾ ਗਿਆ। ਫਿਰ ਉਸ ਦੀ ਰਜਮੈਂਟ ਕਰਾਚੀ ਚਲੀ ਗਈ। ਕਰਾਚੀ ਕੈਂਟ ਵਿੱਚ ਨਜ਼ਰੁਲ ਨੂੰ ਕੋਈ ਖਾਸ ਕੰਮ ਨਹੀਂ ਸੀ। ਇਸ ਦੌਰਾਨ ਉਸ ਨੇ ਰਾਬਿੰਦਰਨਾਥ ਟੈਗੋਰ, ਸ਼ਰਤਚੰਦਰ ਚਟੋਪਾਧਿਆਏ, ਮੌਲਾਨਾ ਰੂਮੀ, ਉਮਰ ਖ਼ਿਆਮ ਅਤੇ ਹਾਫਿਜ਼ ਆਦਿ ਲੇਖਕਾਂ ਨੂੰ ਖ਼ੂਬ ਪੜ੍ਹਿਆ। ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਨਜ਼ਰੁਲ ਨੇ 1919 ਵਿੱਚ ਪਹਿਲੀ ਕਿਤਾਬ ਲਿਖੀ- 'ਇੱਕ ਆਵਾਰਾ ਦੀ ਜ਼ਿੰਦਗੀ'। ਇਸ ਤੋਂ ਪਿੱਛੋਂ ਉਸ ਦੀ ਪਹਿਲੀ ਕਵਿਤਾ 'ਮੁਕਤੀ' ਪ੍ਰਕਾਸ਼ਿਤ ਹੋਈ।

 

 

      ਪਹਿਲੀ ਸੰਸਾਰ ਜੰਗ ਪਿੱਛੋਂ 1920 ਵਿੱਚ ਬੰਗਾਲ ਰਜਮੈਂਟ ਨੂੰ ਭੰਗ ਕਰ ਦਿੱਤਾ ਤੇ ਉਹ ਕਲਕੱਤਾ ਵਾਪਸ ਮੁੜ ਆਏ। ਇੱਥੇ ਆ ਕੇ ਉਹ 'ਮੁਸਲਮਾਨ ਸਾਹਿਤ ਸੰਮਿਤੀ' ਅਤੇ 'ਮੁਸਲਮਾਨ ਭਾਰਤ' ਦੇ ਦਫ਼ਤਰ ਵਿੱਚ ਠਹਿਰੇ। ਇੱਥੇ ਰਹਿ ਕੇ ਉਨ੍ਹਾਂ ਨੇ ਆਪਣਾ ਪਹਿਲਾ ਨਾਵਲ 'ਬੰਧਨਹਾਰਾ' ਲਿਖਿਆ। 'ਮੁਸਲਿਮ ਭਾਰਤ' ਦੇ ਪਹਿਲੇ ਅੰਕ ਤੋਂ ਹੀ ਇਸ ਨਾਵਲ ਨੂੰ ਲੜੀਵਾਰ ਛਾਪਣਾ ਸ਼ੁਰੂ ਕਰ ਦਿੱਤਾ ਗਿਆ। ਦੇਸ਼ਬੰਧੂ ਚਿਤਰੰਜਨ ਦਾਸ ਦੇ ਇੱਕ ਬੰਗਾਲੀ ਹਫਤਾਵਾਰੀ 'ਬਾਂਗਲਾਰ ਕਥਾ' ਵਿਚ ਉਨ੍ਹਾਂ ਨੇ ਉਸ ਸਮੇਂ ਦਾ ਅਮਰ ਕ੍ਰਾਂਤੀਕਾਰੀ ਗੀਤ ਲਿਖਿਆ। ਇਸ ਨਾਲ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਕ੍ਰਾਂਤੀਕਾਰੀਆਂ ਵਿੱਚ ਨਵਾਂ ਜੋਸ਼ ਪੈਦਾ ਹੋ ਗਿਆ। 

 

 

      1920 ਵਿੱਚ ਉਹਦਾ ਕਾਵਿਸੰਗ੍ਰਹਿ 'ਅਗਨੀਵੀਣਾ' ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਨੇ ਉਨ੍ਹਾਂ ਨੂੰ ਰਾਤੋ-ਰਾਤ ਕ੍ਰਾਂਤੀਕਾਰੀਆਂ ਦਾ ਪ੍ਰੇਰਨਾਸਰੋਤ ਬਣਾ ਦਿੱਤਾ। ਇਸ ਸੰਗ੍ਰਹਿ ਦੀ ਸਭ ਤੋਂ ਪ੍ਰਸਿੱਧ ਕਵਿਤਾ 'ਵਿਦਰੋਹੀ' ਸੀ। ਇਸ ਪਿੱਛੋਂ ਉਹ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ। ਪਰ ਜਨਤਾ ਵਿੱਚ ਉਹ "ਵਿਦਰੋਹੀ ਕਵੀ" ਵਜੋਂ ਉੱਭਰ ਕੇ ਸਾਹਮਣੇ ਆਏ। 

 

 

      ਨਜ਼ਰੁਲ ਸੰਪ੍ਰਦਾਇਕ ਸਦਭਾਵਨਾ ਦੇ ਪੱਕੇ ਹਮਾਇਤੀ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਭਾਰਤ ਤਾਂ ਹੀ ਆਜ਼ਾਦ ਹੋ ਸਕਦਾ ਹੈ, ਜੇ ਆਪਸੀ ਸਦਭਾਵਨਾ ਵਿੱਚ ਰਹੀਏ। ਉਹ ਅੰਗਰੇਜ਼ਾਂ ਦੀ "ਪਾੜੋ ਤੇ ਰਾਜ ਕਰੋ" ਦੀ ਨੀਤੀ ਤੋਂ ਦੁਖੀ ਸਨ। ਉਨ੍ਹਾਂ ਨੂੰ ਪਤਾ ਸੀ ਕਿ ਬ੍ਰਿਟਿਸ਼ ਹਕੂਮਤ ਹਿੰਦੂ- ਮੁਸਲਮਾਨਾਂ ਵਿੱਚ ਫੁੱਟ ਪਾ ਰਹੀ ਹੈ। ਇਸ ਸਥਿਤੀ  ਨੂੰ ਵੇਖਦਿਆਂ ਉਨ੍ਹਾਂ ਨੇ 1926 ਵਿੱਚ ਇੱਕ ਗੀਤ ਲਿਖਿਆ, ਜਿਸ ਦਾ ਸੰਗੀਤ ਵੀ ਉਨ੍ਹਾਂ ਨੇ ਖੁਦ ਹੀ ਤਿਆਰ ਕੀਤਾ। ਇਸ ਗੀਤ ਨੂੰ ਉਨ੍ਹਾਂ ਨੇ ਅਣਵੰਡੇ ਬੰਗਾਲ ਦੇ ਕ੍ਰਿਸ਼ਨਾਨਗਰ ਦੇ ਕਾਂਗਰਸ ਸਮਾਗਮ ਵਿੱਚ ਆਪ ਗਾਇਆ ਸੀ। 

 

 

      ਨਜ਼ਰੁਲ ਨੇ ਆਪਣੇ ਚਾਚੇ ਫਜ਼ਲੇ ਕਰੀਮ ਦੀ ਸੰਗੀਤ ਮੰਡਲੀ "ਲੇਟੋਰ ਦਲ" ਵਿੱਚ ਕੁਝ ਚਿਰ ਕੰਮ ਕੀਤਾ। ਇਹ ਮੰਡਲੀ ਪੂਰੇ ਬੰਗਾਲ ਵਿੱਚ ਘੁੰਮਦੀ ਅਤੇ ਸ਼ੋਅ ਕਰਦੀ ਰਹਿੰਦੀ ਸੀ। ਨਜ਼ਰੁਲ ਨੇ ਮੰਡਲੀ ਲਈ ਗੀਤ ਲਿਖੇ। ਇਸ ਦੌਰਾਨ ਉਨ੍ਹਾਂ ਨੇ ਬੰਗਲਾ ਭਾਸ਼ਾ ਅਤੇ ਸੰਸਕ੍ਰਿਤ ਸਿੱਖਣ ਦੇ ਨਾਲ- ਨਾਲ ਕਵਿਤਾ, ਨਾਟਕ ਅਤੇ ਸਾਹਿਤ ਬਾਰੇ ਜਾਣਕਾਰੀ ਹਾਸਲ ਕੀਤੀ। ਫਿਰ ਉਹ ਬੰਗਲਾ ਅਤੇ ਸੰਸਕ੍ਰਿਤ ਵਿੱਚ ਪੁਰਾਣ ਪੜ੍ਹਨ ਲੱਗ ਪਏ। ਇਸ ਦਾ ਪ੍ਰਭਾਵ ਉਨ੍ਹਾਂ ਦੀਆਂ ਲਿਖਤਾਂ ਵਿੱਚ ਦਿੱਸਣ ਲੱਗਿਆ। ਉਨ੍ਹਾਂ ਨੇ ਪੌਰਾਣਿਕ ਕਥਾਵਾਂ ਤੇ ਆਧਾਰਿਤ 'ਸ਼ਕੁਨੀ ਵੱਧ', 'ਯੁਧਿਸ਼ਟਰ ਕਾ ਗੀਤ' ਅਤੇ 'ਦਾਤਾ ਕਰਣ' ਵਰਗੇ ਨਾਟਕ ਵੀ ਲਿਖੇ। 

 

 

      1921ਵਿੱਚ ਨਰਗਿਸ ਨਾਲ ਉਨ੍ਹਾਂ ਦਾ ਸਬੰਧ ਜੁੜਿਆ, ਜੋ ਜਾਣੇ ਪਛਾਣੇ ਮੁਸਲਿਮ ਪਬਲਿਸ਼ਰ ਅਲੀ ਅਕਬਰ ਖਾਨ ਦੀ  ਰਿਸ਼ਤੇਦਾਰ ਸੀ। ਸ਼ਾਦੀ ਵਾਲੇ ਦਿਨ ਅਲੀ ਅਕਬਰ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਦੌਲਤਪੁਰ ਵਿਖੇ ਹੀ ਰਹਿਣਾ ਪਵੇਗਾ ਤਾਂ ਨਜ਼ਰੁਲ  ਵਿਆਹ ਵਿਚਾਲੇ ਛੱਡ ਕੇ ਆ ਗਿਆ। 24 ਅਪ੍ਰੈਲ 1924 ਨੂੰ ਉਨ੍ਹਾਂ ਨੇ ਪ੍ਰਮਿਲਾ ਨਾਲ ਵਿਆਹ ਕੀਤਾ, ਜਿਸ ਨੂੰ ਉਹ 1921ਵਿੱਚ ਕੋਮੀਲਾ ਵਿਖੇ ਮਿਲੇ ਸਨ।

 

 

ਉਨ੍ਹਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ- ਕ੍ਰਿਸ਼ਨਾ ਮੁਹੰਮਦ, ਅਰਿਦਮਨ ਖਾਲਿਦ,ਕਾਜ਼ੀ ਸਵਯਸਾਚੀ ਅਤੇ ਕਾਜ਼ੀ ਅਨਿਰੁੱਧ। ਹਿੰਦੂ ਲੜਕੀ ਪ੍ਰਮਿਲਾ ਨਾਲ ਵਿਆਹ ਕਰਨ ਕਰਕੇ ਉਨ੍ਹਾਂ ਦਾ ਕਾਫ਼ੀ ਵਿਰੋਧ ਹੋਇਆ। ਪ੍ਰਮਿਲਾ ਬ੍ਰਹਮ ਸਮਾਜ ਨਾਲ ਸਬੰਧਤ ਸੀ। ਕਈ ਮਜ਼ਹਬ ਦੇ ਠੇਕੇਦਾਰਾਂ ਨੇ ਨਜ਼ਰੁਲ ਨੂੰ  ਕਿਹਾ ਕਿ ਪ੍ਰਮਿਲਾ ਦਾ ਧਰਮ ਪਰਿਵਰਤਨ ਕਰਵਾਉਣਾ ਪਵੇਗਾ। ਪਰ ਨਜ਼ਰੁਲ ਨੇ ਸਾਫ ਇਨਕਾਰ ਕਰ ਦਿੱਤਾ। ਸਮਾਜਿਕ ਵਿਰੋਧ ਕਰਕੇ ਉਹ ਵਿੱਚ ਕ੍ਰਿਸ਼ਨਾਨਗਰ ਰਹਿਣ ਲੱਗ ਪਏ। 

 

 

      ਨਜ਼ਰੁਲ ਨੇ ਕੁਝ ਸਮਾਂ ਕਲਕੱਤਾ ਵਿਖੇ ਪੱਤਰਕਾਰ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦਾ ਵਿਰੋਧ ਕੀਤਾ ਅਤੇ 'ਬਿਰੋਧੀ', 'ਭੰਗਰਗਾਨ', 'ਧੂਮਕੇਤੂ' ਆਦਿ ਰਚਨਾਵਾਂ ਵਿੱਚ ਇਸ ਦਾ ਖ਼ੂਬ ਜ਼ਿਕਰ ਕੀਤਾ। ਇਸ ਬਦਲੇ ਉਸ ਨੂੰ ਕੈਦ ਵੀ ਹੋਈ। ਰਾਜਨੀਤਿਕ ਕੈਦੀ ਵਜੋਂ ਉਨ੍ਹਾਂ ਨੇ 'ਰਾਜਬੰਦਿਰ ਜ਼ੁਬਾਨਬੰਦੀ' ਦੀ ਰਚਨਾ ਕੀਤੀ। ਜਦੋਂ ਬੰਗਲਾਦੇਸ਼ ਆਜ਼ਾਦੀ ਦੀ ਜੰਗ ਲੜ ਰਿਹਾ ਸੀ ਤਾਂ ਉਨ੍ਹਾਂ ਦੀਆਂ ਲਿਖਤਾਂ ਪੂਰਬੀ ਪਾਕਿਸਤਾਨ ਦੇ ਬੰਗਾਲੀਆਂ ਲਈ ਪ੍ਰੇਰਨਾਸ੍ਰੋਤ ਬਣੀਆਂ।

 

 

      ਨਜ਼ਰੁਲ ਦੀਆਂ ਲਿਖਤਾਂ ਵਿੱਚ ਆਜ਼ਾਦੀ, ਮਾਨਵਤਾ, ਪਿਆਰ ਅਤੇ ਬਗਾਵਤ ਦੀ ਝਲਕ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੀ ਕੱਟੜਤਾ ਦਾ ਵਿਰੋਧ ਕੀਤਾ- ਜਿਸ ਵਿੱਚ ਧਾਰਮਿਕ, ਜਾਤੀ ਅਤੇ ਲਿੰਗਕ ਕੱਟੜਤਾ ਸ਼ਾਮਿਲ ਹੈ। ਨਜ਼ਰੁਲ ਨੇ ਭਾਵੇਂ ਕਈ ਰੂਪਾਂ ਵਿੱਚ ਲਿਖਿਆ, ਪਰ ਉਨ੍ਹਾਂ ਦੀ ਪ੍ਰਸਿੱਧੀ ਗੀਤਾਂ ਅਤੇ ਕਵਿਤਾਵਾਂ ਕਰਕੇ ਜ਼ਿਆਦਾ ਹੋਈ। ਬੰਗਾਲੀ ਭਾਸ਼ਾ ਵਿੱਚ ਲਿਖੀਆਂ ਉਨ੍ਹਾਂ ਦੀਆਂ ਗ਼ਜ਼ਲਾਂ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅਰਬੀ, ਫਾਰਸੀ ਤੇ ਸੰਸਕ੍ਰਿਤ ਸ਼ਬਦਾਂ ਦੀ ਵਰਤੋਂ ਕਰਕੇ ਸੰਗੀਤਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ। 

 

 

       ਨਜ਼ਰੁਲ ਨੇ ਕਰੀਬ ਚਾਰ ਹਜ਼ਾਰ ਗੀਤਾਂ ਦੀ ਰਚਨਾ ਕੀਤੀ ਅਤੇ ਇਨ੍ਹਾਂ ਨੂੰ ਕੰਪੋਜ਼ ਵੀ ਖੁਦ ਹੀ ਕੀਤਾ। ਇਨ੍ਹਾਂ 'ਚੋਂ ਬਹੁਤੇ ਗੀਤ ਐੱਚ ਐੱਮ ਵੀ ਅਤੇ ਗ੍ਰਾਮੋਫੋਨ ਵੱਲੋਂ ਰਿਕਾਰਡ ਹੋਏ। ਇਨ੍ਹਾਂ ਨੂੰ 'ਨਜ਼ਰੁਲ ਗੀਤੀ' ਵਜੋਂ ਜਾਣਿਆ ਜਾਂਦਾ ਹੈ। ਤਰਤਾਲੀ ਵਰ੍ਹਿਆਂ ਦੀ ਉਮਰ ਵਿੱਚ 1942 ਵਿੱਚ ਉਹ ਇੱਕ ਖ਼ਤਰਨਾਕ ਬਿਮਾਰੀ 'ਪਿਕਸ' ਦਾ ਸ਼ਿਕਾਰ ਹੋ ਗਏ, ਜਿਸ ਨਾਲ ਉਨ੍ਹਾਂ ਦੀ ਆਵਾਜ਼ ਅਤੇ ਯਾਦ-ਦਾਸ਼ਤ ਜਾਂਦੀ ਰਹੀ। ਵੀਆਨਾ ਦੀ ਮੈਡੀਕਲ ਟੀਮ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤੇ ਇਸ ਨੂੰ ਲਾਇਲਾਜ ਬਿਮਾਰੀ ਦੱਸਿਆ। ਇਸ ਨਾਲ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜਦੀ ਗਈ, ਜਿਸ ਕਰਕੇ ਉਨ੍ਹਾਂ ਨੂੰ ਭਾਰਤ ਵਿੱਚ ਇਕਾਂਤਵਾਸ (ਆਈਸੋਲੇਸ਼ਨ) ਵਿੱਚ ਰਹਿਣਾ ਪਿਆ। ਉਹ ਕਈ ਸਾਲਾਂ ਤੱਕ ਰਾਂਚੀ (ਝਾਰਖੰਡ) ਦੇ ਮਨੋ- ਵਿਗਿਆਨਕ ਹਸਪਤਾਲ ਵਿੱਚ ਵੀ ਦਾਖ਼ਲ ਰਹੇ। ਬੰਗਲਾਦੇਸ਼ ਸਰਕਾਰ ਦੇ ਸੱਦੇ ਤੇ ਨਜ਼ਰੁਲ ਪਰਿਵਾਰ ਸਮੇਤ ਵਿੱਚ ਢਾਕਾ ਚਲੇ ਗਏ, ਜਿੱਥੇ ਚਾਰ ਸਾਲਾਂ ਪਿੱਛੋਂ 29 ਅਗਸਤ 1976 ਨੂੰ ਉਹ ਬੰਗਲਾਦੇਸ਼ ਵਿੱਚ ਹੀ ਚਲਾਣਾ ਕਰ ਗਏ। ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਢਾਕਾ ਨੇੜੇ ਕੇਂਦਰੀ ਮਸੀਤ ਵਿਖੇ ਦਫਨਾਇਆ ਗਿਆ।

 

 

        ਕਾਜੀ ਨਜ਼ਰੁਲ ਇਸਲਾਮ ਨੇ ਦੋ ਦੇਸ਼ਾਂ ਦੀ ਨਾਗਰਿਕਤਾ ਹਾਸਲ ਕੀਤੀ- ਪਹਿਲਾਂ ਭਾਰਤ (1899-1972) ਅਤੇ ਪਿੱਛੋਂ ਬੰਗਲਾਦੇਸ਼ (1972-1976)।

 

 

      ਨਜ਼ਰੁਲ ਦੀਆਂ ਸਮੁੱਚੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

* ਕਾਵਿ ਸੰਗ੍ਰਹਿ: ਅਗਨੀਵੀਣਾ(1922), ਸੰਚਿਤਾ (1925), ਫਣੀਮਨਸਾ(1927), ਚੱਕ੍ਰਬੱਕ(1929), ਸਤਭਾਈ ਚੰਪਾ(1933), ਨਿਰਝਰ(1939), ਨੁਤੁਨ ਚਾਂਦ(1939), ਮੋਰੂਭਾਸਕਰ(1951),ਸੰਚਾਇਨ(1955)। * ਕਹਾਣੀ ਸੰਗ੍ਰਹਿ: ਰਿਕਤੇਰ ਬੇਦਾਨ(1925), ਸ਼ਿਊਲੀਮਾਲਾ(1931), ਬਯਾਥਾਰ ਦਾਨ(1932)।

* ਨਾਵਲ: ਬੰਧਨਹਾਰਾ(1927), ਮ੍ਰਿਤਯੁਕਸ਼ੁਦਾ(1930), ਕੁਹੇਲਿਕਾ(1931)।  

* ਨਾਟਕ/ ਸੰਗੀਤ ਨਾਟਕ: ਝਿਲਮਿਲੀ(1930), ਅਲੇਯਾ

(1931), ਪੁਤੁਲੇਰ ਬਿਯੇ (1933), ਮਧੂਮਾਲਾ(1960), ਝਾਰ(1960), ਪਿਲੇ ਪਤਕਾ ਪੁਤੂਲੇਰ ਬਿਯੇ(1964), ਸ਼ਿਲਪੀ। 

* ਲੇਖ ਸੰਗ੍ਰਹਿ: ਜੂਗ ਬਾਨੀ(1926), ਝਿੰਗੇ ਫੂਲ(1926), ਦੁਰਦੀਨੇਰ ਜਾਤਰੀ(1926), ਰੁਦ੍ਰਾ ਮੰਗਲ(1927), ਧੂਮਕੇਤੂ(1961)। 

      ਉਨ੍ਹਾਂ ਦੀਆਂ ਰਚਨਾਵਾਂ ਦੇ ਅੰਗਰੇਜ਼ੀ, ਸਪੈਨਿਸ਼ ਅਤੇ ਪੁਰਤਗੀਜ਼ ਭਾਸ਼ਾਵਾਂ ਵਿੱਚ ਅਨੁਵਾਦ ਪ੍ਰਕਾਸ਼ਿਤ ਹੋ ਚੁੱਕੇ ਹਨ। ਨਜ਼ਰੁਲ ਨੇ ਇੱਕ ਸੁੰਨੀ ਮੁਸਲਮਾਨ ਹੁੰਦਿਆਂ ਬਹੁਤ ਸਾਰੇ ਭਜਨ, ਕੀਰਤਨ ਅਤੇ ਸ਼ਿਆਮ- ਸੰਗੀਤ ਨੂੰ  ਕੰਪੋਜ਼ ਕੀਤਾ, ਜਿਸ ਵਿੱਚ ਹਿੰਦੂ ਭਗਤੀ ਸੰਗੀਤ ਵੀ ਸ਼ਾਮਿਲ ਹੈ। ਨਜ਼ਰੁਲ ਦੇ ਬਹੁਪੱਖੀ ਯੋਗਦਾਨ ਲਈ ਉਸ ਨੂੰ 'ਪਦਮਭੂਸ਼ਨ'(1960), 'ਏਕੁਸ਼ੇ ਪਦਕ'  (1976) ਅਤੇ ਸੁਤੰਤਰਤਾ ਦਿਵਸ ਸਨਮਾਨ

(1977) ਨਾਲ ਅਲੰਕ੍ਰਿਤ ਕੀਤਾ ਗਿਆ। ਕਲਕੱਤਾ ਯੂਨੀਵਰਸਿਟੀ ਨੇ ਬੰਗਾਲੀ ਸਾਹਿਤ ਲਈ 1945 ਵਿੱਚ 'ਜਗਤਰਿਨੀ ਗੋਲਡ ਮੈਡਲ' ਦਿੱਤਾ; ਢਾਕਾ ਯੂਨੀਵਰਸਿਟੀ ਨੇ ਉਨ੍ਹਾਂ ਨੂੰ 1974 ਵਿੱਚ ਡੀ. ਲਿਟ. ਡਿਗਰੀ ਪ੍ਰਦਾਨ ਕੀਤੀ; ਆਸਨਸੋਲ (ਵੈਸਟ ਬੰਗਾਲ) ਵਿਖੇ ਉਨ੍ਹਾਂ ਦੀ ਯਾਦ ਵਿੱਚ 'ਕਾਜ਼ੀ ਨਜ਼ਰੁਲ ਇਸਲਾਮ ਯੂਨੀਵਰਸਿਟੀ' ਦੀ ਸਥਾਪਨਾ ਕੀਤੀ ਗਈ; ਬੰਗਲਾਦੇਸ਼ ਦੇ ਮਯਾਂਮੇਨਸਿੰਘ ਵਿਖੇ 'ਜਾਤੀਯ ਕਬੀ ਕਾਜ਼ੀ ਨਜ਼ਰੁਲ ਇਸਲਾਮ ਯੂਨੀਵਰਸਿਟੀ' ਬਣਾਈ ਗਈ; ਵੈਸਟ ਬੰਗਾਲ ਵਿਖੇ 'ਕਾਜ਼ੀ ਨਜ਼ਰੁਲ ਇਸਲਾਮ ਏਅਰਪੋਰਟ' ਮੌਜੂਦ ਹੈ; ਕਲਕੱਤਾ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਨਾਮ ਤੇ ਇਕ ਚੇਅਰ ਦੀ ਸਥਾਪਨਾ ਹੋ ਚੁੱਕੀ ਹੈ; ਵੈਸਟ ਬੰਗਾਲ ਸਰਕਾਰ ਨੇ ਰਾਜਰਹਾਟ ਵਿੱਚ 'ਨਜ਼ਰੁਲ ਤੀਰਥ' ਖੋਲ੍ਹਿਆ ਹੈ, ਜੋ ਸੱਭਿਆਚਾਰਕ ਕੇਂਦਰ ਵਜੋਂ ਕਾਰਜ ਕਰ ਰਿਹਾ ਹੈ। 

 

 

         ਬੰਗਾਲੀ ਭਾਸ਼ਾ,ਸਾਹਿਤ,ਸਭਿਆਚਾਰ,ਜਨ-ਜੀਵਨ ਨੂੰ ਨਿਵੇਕਲਾ ਦ੍ਰਿਸ਼ਟੀਕੋਣ ਦੇਣ ਲਈ ਬੰਗਾਲ ਅਤੇ ਬੰਗਲਾਦੇਸ਼ ਦੇ ਲੋਕਾਂ ਵਿੱਚ ਕਾਜ਼ੀ ਨਜ਼ਰੁਲ ਇਸਲਾਮ ਦਾ ਨਾਂ ਹਮੇਸ਼ਾ ਅਮਰ ਰਹੇਗਾ।

 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rebellious Poet of Bengal Qazi Nazrul Islam