ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕੈਮੀਕਲਜ਼ ਅਤੇ ਪੈਟਰੋਕੈਮੀਕਲਜ਼ ਉਦਯੋਗ ਨੂੰ ਪਹਿਲੀ ਵਾਰ ਦੇਸ਼ ’ਚ ਬਰਾਮਦਾਂ ਦੇ ਖੇਤਰ ਵਿੱਚ ਸਿਖ਼ਰ ’ਤੇ ਪੁੱਜਣ ਲਈ ਵਧਾਈਆਂ ਦਿੱਤੀਆਂ ਹਨ।
ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੁਨੀਆ ਨੂੰ ਮਿਆਰੀ ਰਸਾਇਣਾਂ ਦੀ ਸਪਲਾਈ ਹਿਤ ਰਸਾਇਣਾਂ ਤੇ ਪੈਟਰੋਕੈਮੀਕਲਜ਼ ਦੇ ਨਿਰਮਾਣ ਲਈ ਭਾਰਤ ਨੂੰ ਇੱਕ ਮੋਹਰੀ ਕੌਮਾਂਤਰੀ ਧੁਰਾ ਬਣਾਉਣ ’ਚ ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ।
ਇਸ ਪ੍ਰਾਪਤੀ ’ਚ ਆਪਣੇ ਵਿਭਾਗ ਵੱਲੋਂ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਸ੍ਰੀ ਗੌੜਾ ਨੇ ਇੱਕ ਟਵੀਟ ’ਚ ਕਿਹਾ,‘ਮੇਰੇ ਕੈਮੀਕਲਜ਼ ਅਤੇ ਪੈਟਰੋਕੈਮੀਕਲਜ਼ ਵਿਭਾਗ ਦੀਆਂ ਨਿਰੰਤਰ ਕੋਸ਼ਿਸ਼ਾਂ ਕਾਰਨ ਇਹ ਉਦਯੋਗ ਪਹਿਲੀ ਵਾਰ ਬਰਾਮਦਾਂ ਦੇ ਖੇਤਰ ’ਚ ਚੋਟੀ ’ਤੇ ਪੁੱਜਣ ਦੇ ਯੋਗ ਹੋ ਸਕਿਆ ਹੈ।’
ਉਨ੍ਹਾਂ ਸੂਚਿਤ ਕੀਤਾ ਕਿ ਅਪ੍ਰੈਲ 2019 ਤੋਂ ਜਨਵਰੀ 2020 ਤੱਕ ਦੌਰਾਨ ਰਸਾਇਣਾਂ ਦੀ ਬਰਾਮਦ ਵਿੱਚ ਉਸ ਤੋਂ ਪਿਛਲੇ ਇਸੇ ਸਮੇਂ ਦੇ ਮੁਕਾਬਲੇ 7.43% ਦਾ ਵਾਧਾ ਹੋਇਆ ਹੈ।
ਇਸ ਸਮੇਂ ਦੌਰਾਨ ਰਸਾਇਣਾਂ ਦੀ ਕੁੱਲ ਬਰਾਮਦ 2.68 ਲੱਖ ਕਰੋੜ ਰੁਪਏ ਤੱਕ ਪੁੱਜ ਗਈ ਹੈ। ਇਹ ਕੁੱਲ ਬਰਾਮਦਾਂ ਦਾ 14.35% ਬਣਦਾ ਹੈ।