ਰਿਲਾਇੰਸ ਇੰਡਸਟਰੀਜ਼ ਨੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਮੁਫ਼ਤ ਤੇਲ ਦੇਣ ਅਤੇ ਵੱਖ-ਵੱਖ ਸ਼ਹਿਰਾਂ 'ਚ ਮੁਫਤ ਖਾਣਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਮਹਾਂਮਾਰੀ ਦੇ ਮੱਦੇਨਜ਼ਰ ਉਤਪਾਦਨ ਦੀ ਸਮਰੱਥਾ ਨੂੰ ਰੋਜ਼ਾਨਾ ਵਧਾ ਕੇ 1 ਲੱਖ ਮਾਸਕ ਕਰ ਦਿੱਤਾ ਗਿਆ ਹੈ।
ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਦੀ ਸੀਐਸਆਰ (ਕੰਪਨੀ ਸਮਾਜਿਕ ਜ਼ਿੰਮੇਵਾਰੀ) ਯੂਨਿਟ ਵੱਲੋਂ ਚਲਾਏ ਜਾ ਰਹੇ ਹਸਪਤਾਲ ਨੇ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਲਈ 100 ਬਿਸਤਰੇ ਮੁਹੱਈਆ ਕਰਵਾਏ ਹਨ। ਨਾਲ ਹੀ ਜੇ ਕੰਮ ਰੁੱਕ ਜਾਂਦਾ ਹੈ ਤਾਂ ਪੱਕੇ ਅਤੇ ਠੇਕਾ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇਗੀ। ਕੰਪਨੀ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਲਿਜਾਣ ਵਾਲੇ ਐਮਰਜੈਂਸੀ ਵਾਹਨਾਂ ਨੂੰ ਮੁਫ਼ਤ ਤੇਲ ਦੇਵੇਗੀ। ਇਸ ਦੇ ਨਾਲ ਹੀ ਰਿਲਾਇੰਸ ਫ਼ਾਉਂਡੇਸ਼ਨ ਉਨ੍ਹਾਂ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਮਹਾਂਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੈ।
ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਦੇ ਮੁੱਖ ਕਾਰੋਬਾਰੀ ਸੰਗਠਨ ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ ਅਤੇ ਇਹ ਸੰਗਠਨ ਹਸਪਤਾਲਾਂ, ਪ੍ਰਚੂਨ ਦੁਕਾਨਾਂ ਅਤੇ ਦੂਰਸੰਚਾਰ 'ਚ ਲੱਗੇ ਮੁਲਾਜ਼ਮਾਂ ਨਾਲ ਕੰਮ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਲਗਭਗ ਹਰ ਤੀਜੇ ਦਿਨ ਇੱਕ ਮੀਟਿੰਗ ਕਰਨਗੇ, ਜਿਸ ਵਿੱਚ ਨਵੇਂ ਕੋਰੋਨਾ ਵਾਇਰਸ (ਕੋਵਿਡ-19) ਦੇ ਆਪਣੇ ਕਾਰੋਬਾਰਾਂ ਅਤੇ ਕਾਰੋਬਾਰ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਵੀਂ ਮੁੰਬਈ ਦੇ ਰਿਲਾਇੰਸ ਕਾਰਪੋਰੇਟ ਪਾਰਕ ਅਤੇ ਜਾਮਨਗਰ ਦੇ ਇਸ ਦੇ ਰਿਫਾਇਨਿੰਗ ਅਤੇ ਪੈਟਰੋ ਕੈਮੀਕਲ ਕੰਪਲੈਕਸ ਵਿਖੇ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਤਾਲਗੰਗਾ 'ਚ ਸਥਿਤ ਉਤਪਾਦਨ ਇਕਾਈਆਂ ਅਤੇ ਪ੍ਰਚੂਨ ਕੇਂਦਰਾਂ ਵਿੱਚ ਸਵੱਛਤਾ ਦੇ ਮਿਆਰਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਤੇਲ ਤੇ ਦੂਰਸੰਚਾਰ ਵਰਗੇ ਸੈਕਟਰਾਂ ਵਿੱਚ ਪ੍ਰਮੁੱਖ ਸੰਗਠਨਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਵਿਦੇਸ਼ 'ਚ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਇਹ ਪ੍ਰਬੰਧ 31 ਮਾਰਚ ਤੱਕ ਜਾਰੀ ਰਹੇਗਾ। ਹਾਲਾਂਕਿ ਕਾਰੋਬਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਕੰਮ ਵਾਲੀ ਥਾਂ 'ਤੇ ਘੱਟੋ-ਘੱਟ ਮੁਲਾਜ਼ਮ ਹੋਣਗੇ।