ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਤੋਂ ਬਾਅਦ ਹਜ਼ਾਰਾਂ ਮਜ਼ਦੂਰ ਦਿੱਲੀ ਤੇ ਨੋਇਡਾ ਤੋਂ ਆਪਣੇ ਪਿੰਡਾਂ ਵੱਲ ਤੁਰ ਪਏ, ਕਿਉਂਕਿ ਕੰਮ-ਧੰਦਾ ਬੰਦ ਹੋਣ ਤੋਂ ਬਾਅਦ ਉਨ੍ਹਾਂ ਕੋਲ ਰਹਿਣ ਅਤੇ ਖਾਣ ਲਈ ਪੈਸੇ ਨਹੀਂ ਸਨ। ਇਸ ਦੌਰਾਨ ਨੋਇਡਾ 'ਚ ਇੱਕ ਮਕਾਨ ਮਾਲਕ ਨੇ ਆਪਣੇ 50 ਕਿਰਾਏਦਾਰਾਂ ਦਾ ਕਿਰਾਇਆ ਮਾਫ਼ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਸਾਰਿਆਂ ਨੂੰ 5-5 ਕਿਲੋ ਆਟਾ ਮੁਫ਼ਤ ਦਿੱਤਾ ਹੈ। ਉਸ ਨੇ ਆਪਣੇ ਕਿਰਾਏਦਾਰਾਂ ਦੀ ਮਦਦ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਹੀ ਰਹਿਣ ਅਤੇ ਪਿੰਡ ਨਾ ਜਾਣ।
ਨੋਇਡਾ ਦੇ ਸੈਕਟਰ-49 ਦੇ ਬਰੌਲਾ ਪਿੰਡ 'ਚ ਕੌਸ਼ਲ ਪਾਲ ਕੋਲ 50 ਕਿਰਾਏਦਾਰ ਹਨ। ਉਨ੍ਹਾਂ ਨੂੰ ਹਰ ਮਹੀਨੇ 1.50 ਲੱਖ ਰੁਪਏ ਕਿਰਾਇਆ ਮਿਲਦਾ ਹੈ। ਲੌਕਡਾਊਨ ਕਾਰਨ ਲੋਕਾਂ ਦੀ ਆਮਦਨ ਦਾ ਜ਼ਰੀਆ ਵੀ ਬੰਦ ਹੋ ਗਿਆ ਹੈ। ਦੋ ਦਿਨ ਬਾਅਦ ਹੀ ਨਵਾਂ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਸਾਰੇ ਕਿਰਾਏਦਾਰਾਂ ਦੇ ਸਾਹਮਣੇ ਇਹ ਚਿੰਤਾ ਸੀ ਕਿ ਉਹ ਕਿਰਾਇਆ ਕਿਵੇਂ ਦੇਣਗੇ। ਇਸ ਦੌਰਾਨ ਕੌਸ਼ਲ ਪਾਲ ਨੇ ਆਪਣੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇੱਕ ਮਹੀਨੇ ਦਾ ਕਿਰਾਇਆ ਨਹੀਂ ਦੇਣਾ ਪਵੇਗਾ।
ਕੌਸ਼ਲ ਪਾਲ ਨੇ ਸਾਰੇ ਕਿਰਾਏਦਾਰਾਂ ਨੂੰ 5-5 ਕਿਲੋ ਆਟਾ ਵੀ ਮੁਫ਼ਤ ਦਿੱਤਾ ਹੈ, ਤਾਂ ਜੋ ਕੋਈ ਭੁੱਖਾ ਨਾ ਰਹੇ। ਕਿਰਾਏਦਾਰਾਂ ਤੋਂ ਇਲਾਵਾ ਉਨ੍ਹਾਂ ਨੇ ਇਹ ਮਦਦ ਆਪਣੇ ਡਰਾਈਵਰਾਂ ਤੇ ਸਕਿਊਰਿਟੀ ਗਾਰਡ ਨੂੰ ਵੀ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪਿੰਡ ਨਾ ਜਾਵੇ। ਇਸ ਨਾਲ ਉਨ੍ਹਾਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਖ਼ਤਰਾ ਹੋ ਸਕਦਾ ਹੈ। ਕੌਸ਼ਲ ਪਾਲ ਨੇ ਸਾਰੇ ਕਿਰਾਏਦਾਰਾਂ ਨੂੰ ਤਾਲਾਬੰਦੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਮਦਦ ਦਾ ਭਰੋਸਾ ਦਿੱਤਾ।
ਕੌਸ਼ਲ ਪਾਲ ਨੇ ਹੋਰ ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਸਾਰੇ ਮਕਾਨ ਮਾਲਕਾਂ ਨੂੰ ਹੁਣ ਆਪਣੇ ਕਿਰਾਏਦਾਰਾਂ ਦਾ ਕਿਰਾਇਆ ਮਾਫ਼ ਕਰਨਾ ਚਾਹੀਦਾ ਹੈ। ਸਾਨੂੰ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਮੇਰੇ ਕੋਲ 50 ਕਿਰਾਏਦਾਰ ਹਨ, ਜੋ ਹਰ ਮਹੀਨੇ ਲਗਭਗ 1.50 ਲੱਖ ਰੁਪਏ ਦਾ ਕਿਰਾਇਆ ਦਿੰਦੇ ਹਨ। ਇਸ ਮਹੀਨੇ ਮੈਂ ਕਿਹਾ ਹੈ ਕਿ ਕਿਸੇ ਨੂੰ ਕਿਰਾਇਆ ਦੇਣ ਦੀ ਜ਼ਰੂਰਤ ਨਹੀਂ ਹੈ।"