ਅੱਧੀ ਦਰਜਨ ਦੇ ਲਗਭਗ ਅਣਪਛਾਤੇ ਹਮਲਾਵਰਾਂ ਨੇ 65 ਸਾਲਾਂ ਦੇ ਸੇਵਾ–ਮੁਕਤ (ਰਿਟਾਇਰਡ) ਫ਼ੌਜੀ ਕੈਪਟਨ ਨੂੰ ਸਿਰਫ਼ ਇਸ ਲਈ ਕੁੱਟ–ਕੁੱਟ ਕੇ ਮਾਰ ਦਿੱਤਾ ਕਿਉਂਕਿ ਉਨ੍ਹਾਂ ਆਪਣੇ ਘਰ ਦੇ ਬਾਹਰ ਪਏ ਸਟੀਲ ਦਾ ਕਬਾੜ ਚੋਰੀ ਕਰ ਰਹੇ ਵਿਅਕਤੀਆਂ ਨੂੰ ਰੋਕਿਆ ਸੀ। ਇਹ ਦੁਖਦਾਈ ਘਟਨਾ ਉੱਤਰ ਪ੍ਰਦੇਸ਼ ਦੇ ਅਮੇਠੀ ਸ਼ਹਿਰ ’ਚ ਵਾਪਰੀ।
ਪੁਲਿਸ ਮੁਤਾਬਕ ਕੈਪਟਨ ਅਮਾਨਉੱਲ੍ਹਾ ਤੇ ਉਨ੍ਹਾਂ ਪਤਨੀ ਅਮੀਨਾ (58) ਸੁੱਤੇ ਪਏ ਸਨ; ਜਦੋਂ ਉਨ੍ਹਾਂ ਗੋਡੀਆਂ ਕਾ ਪੁਰਵਾ ਇਲਾਕੇ ਵਿੱਚ ਰਾਤੀਂ 2 ਕੁ ਵਜੇ ਵੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਪਿਆ ਕਬਾੜ ਕੁਝ ਵਿਅਕਤੀ ਚੁੱਕ ਰਹੇ ਸਨ।
ਪੁਲਿਸ ਅਧਿਕਾਰੀ ਪ੍ਰਹਲਾਦ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਤਰਾਜ਼ ਕੀਤਾ ਤੇ ਰੌਲ਼ਾ ਪਾ ਕੇ ਹੋਰ ਪਿੰਡ–ਵਾਸੀਆਂ ਨੂੰ ਜਗਾਉਣਾ ਚਾਹਿਆ, ਤਾਂ ਹਮਲਾਵਰਾਂ ਨੇ ਉਨ੍ਹਾਂ ਦੋਵਾਂ ਨੂੰ ਬੰਨ੍ਹ ਕੇ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਣਾ–ਮਾਰਨਾ ਸ਼ੁਰੂ ਕਰ ਦਿੱਤਾ।
ਸ੍ਰੀ ਅਮਾਨਉੱਲ੍ਹਾ ਦੇ ਸਿਰ ਉੱਤੇ ਲੱਗੀ ਸੱਟ ਘਾਤਕ ਸਿੱਧ ਹੋਈ। ਉਸ ਤੋਂ ਬਾਅਦ ਹਮਲਾਵਰ ਸਟੀਲ ਦਾ ਕਬਾੜ ਚੁੱਕ ਕੇ ਉੱਥੋਂ ਨੱਸ ਗਏ।
ਸ੍ਰੀ ਅਮਾਨਉੱਲ੍ਹਾ ਦੀ ਪਤਨੀ ਦੀ ਜਾਨ ਬਚ ਗਈ ਹੈ। ਸ੍ਰੀ ਅਮਾਨਉੱਲ੍ਹਾ ਦੀ ਮ੍ਰਿਤਕ ਦੇਹ ਪੋਸਟ–ਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਹੁਣ ਸ੍ਰੀਮਤੀ ਅਮੀਨਾ ਨੂੰ ਚੇਤੇ ਹਮਲਾਵਰਾਂ ਦੇ ਹੁਲੀਏ ਦੇ ਆਧਾਰ ਉੱਤੇ ਉਨ੍ਹਾਂ ਤੱਕ ਪੁੱਜਣ ਦਾ ਜਤਨ ਕੀਤਾ ਜਾਵੇਗਾ।
ਸ੍ਰੀ ਅਮਾਨਉੱਲ੍ਹਾ ਦੇ ਪੁੱਤਰ ਇਬਰਾਹਿਮ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰਵਾਇਆ ਹੈ।