ਕੋਰੋਨਾ ਦੀ ਲਾਗ ਕਾਰਨ ਦੇਸ਼ਭਰ 'ਚ ਸ਼ਹਿਰਾਂ ਤੋਂ ਪਿੰਡਾਂ 'ਚ ਆਪਣੇ ਘਰਾਂ ਵਲ ਵਾਪਸੀ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਭਾਵੇਂ ਘੱਟ ਗਈ ਹੈ, ਪਰ ਪਿੰਡਾਂ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧ ਗਿਆ ਹੈ। ਕਈ ਸ਼ਹਿਰਾਂ ਤੇ ਜ਼ਿਲ੍ਹਾ ਹਸਪਤਾਲਾਂ 'ਚ ਜਿਹੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ 'ਚ ਸ਼ਹਿਰ ਤੋਂ ਪਿੰਡ ਪਹੁੰਚੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਹੁਣ ਸਾਰੇ ਜ਼ਿਲ੍ਹਾ ਕੁਲੈਕਟਰ ਆਪਣੇ ਪਿੰਡਾਂ ਦੇ ਲੋਕਾਂ ਦਾ ਸਰਵੇਖਣ ਕਰ ਰਹੇ ਹਨ ਤਾਂ ਜੋ ਸਹੀ ਅੰਕੜਿਆਂ ਦਾ ਪਤਾ ਲਗਾ ਕੇ ਅੱਗੇ ਆਉਣ ਵਾਲੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਕੋਰੋਨਾ ਦੇ ਨਵੇਂ ਮਾਮਲਿਆਂ ਕਾਰਨ ਪਿੰਡਾਂ 'ਚ ਕੇਸਾਂ ਦੀ ਵੱਧ ਰਹੀ ਗਿਣਤੀ ਕਰਕੇ ਪ੍ਰੇਸ਼ਾਨੀ ਵੱਧ ਗਈ ਹੈ। ਦੇਸ਼ ਭਰ 'ਚ ਸੰਕਰਮਿਤ ਲਾਗ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੀ ਸੁਚੇਤ ਹੋ ਗਈ ਹੈ। ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਸਮੱਸਿਆ ਜ਼ਿਆਦਾ ਨਾ ਵਧੇ, ਇਸ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਆਪਣੇ ਇਲਾਕਿਆਂ 'ਚ ਸਰਵੇਖਣ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਜਾ ਰਿਹਾ ਹੈ। ਦਰਅਸਲ, ਇੱਕ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਸਿੱਧੇ ਤੌਰ 'ਤੇ ਪਿੰਡ ਪਹੁੰਚ ਗਏ ਅਤੇ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
ਉੱਥੀ ਹੀ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੂਬਿਆਂ, ਜ਼ਿਲ੍ਹਿਆਂ ਅਤੇ ਸਥਾਈ ਸੰਸਥਾਵਾਂ ਦੀ ਜ਼ਿੰਮੇਵਾਰੀ ਵਧੇਗੀ। ਕੋਵਿਡ ਹਸਪਤਾਲ ਦੇ ਨਾਲ-ਨਾਲ ਸਾਫ਼-ਸਫ਼ਾਈ, ਦੋ ਗਜ ਦੀ ਦੂਰੀ, ਮਾਸਕ ਤੇ ਹੱਥਾਂ ਨੂੰ ਕਈ ਵਾਰ ਧੋਣ ਤੇ ਸੈਨੇਟਾਈਜ਼ ਕਰਨ ਦੀ ਆਦਤ ਵਧਾਉਣੀ ਪਵੇਗੀ। ਪੰਚਾਇਤ ਦੇ ਨਾਲ-ਨਾਲ ਡਾਕਟਰਾਂ, ਵਕੀਲਾਂ, ਅਧਿਆਪਕਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਜਾ ਰਿਹਾ ਹੈ।
ਦੇਸ਼ 'ਚ ਹੁਣ ਤਕ ਕਿੰਨੇ ਮਾਮਲੇ?
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧੇ ਹਨ। ਵੀਰਵਾਰ ਨੂੰ 9304 ਨਵੇਂ ਕੇਸ ਸਾਹਮਣੇ ਆਏ ਅਤੇ ਰਿਕਾਰਡ 260 ਲੋਕਾਂ ਦੀ ਮੌਤ ਹੋ ਗਈ। ਹੁਣ ਤਕ 2,17,965 ਮਾਮਲੇ ਦਰਜ ਕੀਤੇ ਗਏ ਹਨ। ਬਹੁਤ ਸਾਰੇ ਸੂਬਿਆਂ ਵਿੱਚ ਲਾਗ ਫੈਲਣ ਦੀ ਦਰ ਬੇਕਾਬੂ ਹੈ। ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ 'ਚ ਰਾਸ਼ਟਰੀ ਔਸਤ ਨਾਲੋਂ ਵੱਧ ਮਰੀਜ਼ ਮਿਲ ਰਹੇ ਹਨ।