ਜਲੰਧਰ-ਪਠਾਨਕੋਟ ਹਾਈਵੇ 'ਤੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਅੱਜ ਬੁੱਧਵਾਰ ਸਵੇਰੇ ਲਗਭਗ ਦੋ ਦਰਜਨ ਤੋਂ ਵੱਧ ਗੱਡੀਆਂ ਆਪਸ 'ਚ ਭਿੜ ਗਈਆਂ। ਜਿਸ ਸਮੇਂ ਹਾਦਸਾ ਵਾਪਰਿਆਂ ਉਦੋਂ ਸੰਘਣੀ ਧੁੰਦ ਪਈ ਹੋਈ ਸੀ।
ਜਾਣਕਾਰੀ ਮੁਤਾਬਿਕ ਜਲੰਧਰ-ਪਠਾਨਕੋਟ ਹਾਈਵੇ 'ਤੇ ਪਿੰਡ ਕਾਹਨਪੁਰ ਨਜ਼ਦੀਕ ਤੜਕਸਾਰ ਧੁੰਦ ਕਾਰਨ ਕਈ ਵਾਹਨ ਆਪਸ 'ਚ ਟਕਰਾਉਣ 'ਤੇ ਇਕ ਟਿੱਪਰ ਚਾਲਕ ਦੀ ਮੌਤ ਹੋ ਗਈ ਜਦਕਿ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਧੁੰਦ ਦੌਰਾਨ ਇਕ ਟਿੱਪਰ ਅੱਗੇ ਜਾ ਰਹੇ ਟਰੱਕ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟ ਗਿਆ।
ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਤੋਂ ਬਾਅਦ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਵਾਹਨ ਉਸ ਦੇ ਪਿੱਛੇ ਆ ਕੇ ਵੱਜਦੇ ਗਏ। ਬੇਸ਼ੱਕ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਕਾਰਵਾਈ ਆਰੰਭੀ ਪਰ ਧੁੰਦ ਜ਼ਿਆਦਾ ਹੋਣ ਕਾਰਨ ਅੱਗੇ ਤੋਂ ਅੱਗੇ ਵਾਹਨ ਟਕਰਾਉਂਦੇ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਪਹਿਲਾਂ ਦੋ ਟਿੱਪਰ ਟਕਰਾਉਣ ਕਾਰਨ ਇਕ ਟਿੱਪਰ ਪਲਟ ਗਿਆ। ਪੁਲਿਸ ਨੇ ਪੁੱਜ ਕੇ ਕਾਰਵਾਈ ਕਰ ਹੀ ਰਹੀ ਸੀ ਕਿ ਪਿੱਛੋਂ ਆ ਰਹੇ ਹੋਰ 6 ਵਾਹਨ ਆਪਸ 'ਚ ਟਕਰਾ ਗਏ। ਇਸ ਦੌਰਾਨ ਲਗਭਗ ਦੋ ਦਰਜਨ ਤੋਂ ਵੱਧ ਗੱਡੀਆਂ ਆਪਸ 'ਚ ਭਿੜ ਗਈਆਂ। ਇਸ ਤੋਂ ਬਾਅਦ ਜਲੰਧਰ-ਪਠਾਨਕੋਟ ਮਾਰਗ 'ਤੇ ਲੰਮਾ ਜਾਮ ਲੱਗ ਗਿਆ।