ਕਾਰੋਬਾਰੀ ਰਾਬਰਟ ਵਾਡਰਾ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰਐਮਐਲ) ਹਸਪਤਾਲ ਪਹੁੰਚ ਕੇ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ। ਡਾਕਟਰਾਂ ਨੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਹਨ। ਉਹ ਜਾਂਚ ਰਿਪੋਰਟ ਆਉਣ ਤਕ ਘਰ 'ਚ ਹੀ ਰਹਿਣਗੇ।
ਰਾਵਰਟ ਵਾਡਰਾ ਸ਼ੁੱਕਰਵਾਰ ਸ਼ਾਮ ਨੂੰ ਏਅਰਪੋਰਟ ਤੋਂ ਪਰਤ ਕੇ ਸਿੱਧੇ ਹਸਪਤਾਲ ਪਹੁੰਚੇ। ਉਨ੍ਹਾਂ ਦੇ ਨਾਲ ਇੱਕ ਡਾਕਟਰ ਵੀ ਮੌਜੂਦ ਸੀ। ਜਾਣਕਾਰੀ ਮੁਤਾਬਿਕ ਵਾਡਰਾ ਸਪੇਨ ਤੋਂ ਪਰਤੇ ਹਨ। ਸਾਵਧਾਨੀ ਵਜੋਂ ਉਨ੍ਹਾਂ ਨੇ ਆਪਣੀ ਜਾਂਚ ਕਰਵਾਈ ਹੈ। ਡਾਕਟਰ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸੈਂਪਲ ਲੈ ਕੇ ਉਨ੍ਹਾਂ ਨੂੰ ਸਿੱਧਾ ਘਰ ਭੇਜ ਦਿੱਤਾ ਗਿਆ ਹੈ। ਉਹ ਮਾਸਕ ਲਗਾ ਕੇ ਹਸਪਤਾਲ ਪਹੁੰਚੇ ਸਨ। ਲੱਛਣ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਵਧਾਨੀ ਵਜੋਂ ਜਾਂਚ ਕਰਵਾਈ ਸੀ।
ਦਿੱਲੀ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ 68 ਸਾਲਾ ਇੱਕ ਔਰਤ ਦੀ ਮੌਤ ਹੋ ਗਈ ਹੈ। ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਨੂੰ ਰੋਕਣ ਲਈ ਕਈ ਸੂਬਿਆਂ ਨੇ ਸਕੂਲਾਂ, ਕਾਲਜਾਂ ਅਤੇ ਸਿਨਮਾ ਘਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਜ਼ਿਆਦਾਤਰ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ।
ਦੇਸ਼ 'ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ। ਇਨ੍ਹਾਂ 'ਚ 17 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮਰਨ ਵਾਲਿਆਂ 'ਚ ਦਿੱਲੀ ਦੀ 68 ਸਾਲਾ ਔਰਤ ਅਤੇ ਕਰਨਾਟਕ ਦਾ 76 ਸਾਲਾ ਮਰਦ ਸ਼ਾਮਿਲ ਹੈ। ਦੋਹਾਂ ਦੀ ਮੌਤ ਇੱਕ ਤੋਂ ਵੱਧ ਬੀਮਾਰੀਆਂ ਕਾਰਨ ਹੋਈ ਹੈ ਪਰ ਦੋਹਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।