ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਤੇ ਉਦਯੋਗਪਤੀ ਰੌਬਰਟ ਵਾਡਰਾ ਨੇ ਸਪੇਨ ਦੀ ਯਾਤਰਾ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਹੈ, ਜਿਸ ਲਈ ਸ਼ਨੀਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਿਆ।
ਈਡੀ ਨੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ, ਜਿਸ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਜੰਸੀ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 9 ਦਸੰਬਰ ਨੂੰ ਕਰਨ ਲਈ ਸੂਚੀਬੱਧ ਕੀਤਾ।
ਵਾਡਰਾ ਨੇ ਸਿਹਤ ਅਤੇ ਕਾਰੋਬਾਰ ਦੋਵਾਂ ਕਾਰਨਾਂ ਲਈ 9 ਦਸੰਬਰ ਤੋਂ ਦੋ ਹਫ਼ਤਿਆਂ ਲਈ ਸਪੇਨ ਜਾਣ ਦੀ ਆਗਿਆ ਮੰਗੀ ਹੈ।
ਸੂਤਰਾਂ ਨੇ ਦੱਸਿਆ ਕਿ ਵਾਡਰਾ ਦੀ ਤਾਜ਼ਾ ਮੈਡੀਕਲ ਜਾਂਚ ਚ ਨਵੀਆਂ ਮੁਸ਼ਕਲਾਂ ਸਾਹਮਣੇ ਆਈਆਂ ਹਨ। ਵਾਡਰਾ ਨੂੰ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਪੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਡਰਾ 'ਤੇ ਲੰਡਨ ਸਥਿਤ ਬ੍ਰਾਇਨਟਨ ਸਕੁਏਰ 'ਚ 1.2 ਕਰੋੜ ਰੁਪਏ ਦੀ ਜਾਇਦਾਦ ਖਰੀਦਣ ਲਈ ਮਨੀ ਲਾਂਡਰਿੰਗ ਦਾ ਦੋਸ਼ ਹੈ। ਜਾਇਦਾਦ ਦੀ ਕੀਮਤ 1.9 ਮਿਲੀਅਨ ਪੌਂਡ ਹੈ। ਜਾਇਦਾਦ ਕਥਿਤ ਤੌਰ 'ਤੇ ਵਡਰਾ ਦੀ ਹੈ।