ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਤੇ ਸਨਅਤਕਾਰ ਰਾਬਰਟ ਵਾਡਰਾ ਨੂੰ ਦਿੱਲੀ ਦੀ ਵਿਸ਼ੇਸ਼ ਅਦਾਲਤ ਤੋਂ ਵਿਦੇਸ਼ ਯਾਤਰਾ ਦੀ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਨੂੰ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਅਗਾਊਂ ਜ਼ਮਾਨਤ ਮਿਲੀ ਹੋਈ ਹੈ।
ਰਾਬਰਟ ਵਾਡਰਾ ਕਿਸੇ ਕਾਰੋਬਾਰੀ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਲਈ ਜਾਣਾ ਚਾਹੁੰਦੇ ਸਨ ਤੇ ਅਦਾਲਤ ਨੇ ਉਨ੍ਹਾਂ ਨੂੰ ਹੁਣ ਇਜਾਜ਼ਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ 21 ਸਤੰਬਰ ਤੋਂ 8 ਅਕਤੂਬਰ ਦੇ ਵਿਚਕਾਰ ਸਪੇਨ ਦੀ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਰਾਬਰਟ ਵਾਡਰਾ ਇਸ ਵੇਲੇ ‘ਪ੍ਰੀਵੈਂਸ਼ਨ ਆੱਫ਼ ਮਨੀ–ਲਾਂਡਰਿੰਗ ਐਕਟ’ (PMLA) ਅਧੀਨ ਜਾਂਚ ਦਾ ਸਾਹਮਣਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਅਦਾਲਤ ਨੇ ਬੀਤੇ ਜੂਨ ਮਹੀਨੇ ’ਚ ਰਾਬਰਟ ਵਾਡਰਾ ਨੂੰ ਸਿਹਤ ਕਾਰਨਾਂ ਕਰ ਕੇ ਛੇ ਹਫ਼ਤਿਆਂ ਲਈ ਅਮਰੀਕਾ ਤੇ ਨੀਦਰਲੈਂਡ ਜਾਣ ਦੀ ਇਜਾਜ਼ਤ ਦਿੱਤੀ ਸੀ ਪਰ ਇੰਗਲੈਂਡ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਵਾਡਰਾ ਨੂੰ ਜੇ ਇੰਗਲੈਂਡ ਭੇਜਿਆ ਗਿਆ ਤਾਂ ਉਹ ਸਬੂਤ ਨਸ਼ਟ ਕਰ ਸਕਦੇ ਹਨ।