ਸੀਬੀਆਈ ਨੇ ਹੈਲੀਕਾਪਟਰ ਸੇਵਾ ਦੇਣ ਵਾਲੀ ਨਿਜੀ ਕੰਪਨੀ ਪਵਨਹੰਸ ਦੇ ਅਧਿਕਾਰੀਆਂ ਉੱਤੇ ਫ਼ੰਡਾਂ ਦੀ ਹੇਰਾਫੇਰੀ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਐੱਮਆਈ–17 ਹੈਲੀਕਾਪਟਰਾਂ ਦੀ ਮੁਰੰਮਤ ਲਈ ਅਧਿਕਾਰੀਆਂ ਨੇ 1.85 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ। ਇਹ ਰੁਪਏ ਰੂਸੀ ਕੰਪਨੀ ਦੇ ਖਾਤੇ ’ਚ ਜਾਣੇ ਸਨ ਪਰ ਉਹ ਇੰਡੋਨੇਸ਼ੀਆ ਦੇ ਕਿਸੇ ਖਾਤੇ ਪਾ ਦਿੱਤੇ ਗਏ।
ਸੂਤਰਾਂ ਮੁਤਾਬਕ ਪਵਨਹੰਸ ਨੇ 20 ਮਈ, 2015 ਨੂੰ ਰੂਸੀ ਕੰਪਨੀ ਕਲੀਮੋਵ ਜੇਐੱਸਸੀ ਨਾਲ ਤਿੰਨ ਐੱਮਆਈ–172 ਹੈਲੀਕਾਪਟਰ ਦੀ ਸਰਵਿਸ ਅਤੇ ਮੁਰੰਮਤ ਦਾ ਸਮਝੌਤਾ ਕੀਤਾ ਸੀ। ਇਹ ਸਮਝੌਤਾ 9 ਕਰੋੜ ਰੁਪਏ ਦਾ ਸੀ।
ਸਮਝੌਤੇ ਮੁਤਾਬਕ ਪਵਨਹੰਸ ਨੇ ਇਸ ਦਾ 30 ਫ਼ੀ ਸਦੀ ਅਗਾਊਂ ਭੁਗਤਾਨ ਕਰਨਾ ਸੀ। ਕੰਪਨੀ ਵੱਲੋਂ ਪਵਨਹੰਸ ਨੂੰ ਬੈਂਕ ਦੇ ਵੇਰਵੇ ਸਮੇਤ ਇਨਵੁਆਇਸ ਭੇਜਿਆ ਗਿਆ ਪਰ ਰੁਪਏ ਖਾਤੇ ਵਿੱਚ ਜਮ੍ਹਾ ਨਹੀਂ ਕਰਵਾਏ ਗਏ। ਕੰਪਨੀ ਨੇ ਅਗਲੇ ਸਾਲ ਰੀਮਾਈਂਡਰ ਭੇਜਿਆ।
ਸੂਤਰਾਂ ਮੁਤਾਬਕ ਪਵਨਹੰਸ ਨੇ ਭੁਗਤਾਨ ਇਸ ਲਈ ਨਹੀਂ ਕੀਤਾ ਕਿਉਂਕਿ ਇੰਜਣ ਨਹੀਂ ਭੇਜਿਆ ਗਿਆ ਸੀ। ‘ਅਮਰ ਉਜਾਲਾ’ ਵੱਲੋਂ ਪ੍ਰਕਾਸ਼ਿਤ ਖ਼ਬਰ ਮੁਤਾਬਕ ਪਵਨ ਹੰਸ ਨੇ 27 ਫ਼ਰਵਰੀ, 2016 ਨੂੰ ਇੰਜਣ ਭੇਜਿਆ, ਜਿਸ ਦੀ ਰਸੀਦ ਵੀ ਰੂਸੀ ਕੰਪਨੀ ਵੱਲੋਂ ਭੇਜੀ ਗਈ ਸੀ।
ਕੰਪਨੀ ਦੇ ਉਸੇ ਈਮੇਲ ਰਾਹੀਂ ਅਗਾਊਂ ਭੁਗਤਾਨ ਦੀ 30 ਫ਼ੀ ਸਦੀ ਰਕਮ ਇੰਡੋਨੇਸ਼ੀਆ ਦੇ ਬੈਂਕ ਮੰਡੀ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਆਖਿਆ ਗਿਆ।
ਪਵਨਹੰਸ ਨੇ ਉਸ ਈ–ਮੇਲ ਦੀ ਹਦਾਇਤ ਮੁਤਾਬਕ ਮਾਰਚ 2016 ਦੌਰਾਨ 1.85 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ। ਬਾਅਦ ’ਚ ਪਤਾ ਚੱਲਿਆ ਕਿ ਕਲੀਮੋਵ ਨੇ ਉਹ ਮੇਲ ਨਹੀਂ ਭੇਜੀ ਸੀ। ਰੂਸੀ ਕੰਪਨੀ ਨੇ ਜਾਂਚ ਦੌਰਾਨ ਪਾਇਆ ਕਿ ਇੰਡੋਨੇਸ਼ੀਆ ਦਾ ਉਹ ਬੈਂਕ ਖਾਤਾ ਕਿਸੇ ਬੈਗਸ ਸੇਤੀਆਵਾਨ ਦੇ ਨਾਂਅ ’ਤੇ ਹੈ, ਕਲੀਮੋਵ ਦੇ ਨਾਂਅ ’ਤੇ ਨਹੀਂ।
ਤਦ ਰੂਸੀ ਕੰਪਨੀ ਨੇ ਆਪਣੀ ਸਰਕਾਰ ਰਾਹੀਂ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਬਕਾਇਆ ਰਾਸ਼ੀ ਵਸੂਲਣ ਲਈ ਪਵਨਹੰਸ ਵਿਰੁੱਧ ਅਦਾਲਤ ਜਾਵੇਗੀ। ਉਸ ਤੋਂ ਬਾਅਦ ਇਹ ਕੇਸ ਸੀਬੀਆਈ ਹਵਾਲੇ ਕੀਤਾ ਗਿਆ ਤੇ ਏਜੰਸੀ ਨੇ ਪਵਨਹੰਸ ਦੇ ਅਣਪਛਾਤੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਲਿਆ।