ਨਵੀਂ ਦਿੱਲੀ ’ਚ ਇੱਕ ਟਰੱਕ ਦੇ ਡਰਾਇਵਰ ਤੇ ਮਾਲਕ ਉੱਤੇ ਨਵੇਂ ਟ੍ਰੈਫ਼ਿਕ ਨਿਯਮਾਂ ਅਧੀਨ 2 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਉਸ ਵਿਰੁੱਧ ਨੌਂ ਅਪਰਾਧਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਚੇਤੇ ਰਹੇ ਕਿ ਇਹ ਨਵੇਂ ਨਿਯਮ ਬੀਤੀ 1 ਸਤਬੰਰ ਤੋਂ ਲਾਗੂ ਹੋਏ ਹਨ।
ਦਿੱਲੀ ਵਿੱਚ ਪਹਿਲਾਂ ਕਦੇ ਵੀ ਇੰਨਾ ਭਾਰੀ ਜੁਰਮਾਨਾ ਕਿਸੇ ਨੂੰ ਨਹੀਂ ਹੋਇਆ। ਡਰਾਇਵਰ–ਮਾਲਕ ਦੇ ਜੁਰਮਾਂ ਵਿੱਚ ਉਸ ਕੋਲ ਡਰਾਈਵਿੰਗ ਲਾਇਸੈਂਸ ਨਾ ਹੋਣਾ ਤੇ ਟਰੱਕ ਦਾ ਓਵਰਲੋਡ ਹੋਣਾ ਵੀ ਸ਼ਾਮਲ ਹਨ।
ਹਰਿਆਣਾ ਵਿੱਚ ਰਜਿਸਟਰਡ ਇਸ ਟਰੱਕ ਨੂੰ ਜੁਰਮਾਨਾ ਜੀਟੀ ਕਰਨਾਲ ਰੋਡ ਉੱਤੇ ਟਰਾਂਸਪੋਰਟ ਵਿਭਾਗ ਦੀ ਇਨਫ਼ੋਰਸਮੈਂਟ ਟੀਮ ਵੱਲੋਂ ਕੀਤਾ ਗਿਆ ਹੈ। ਪਹਿਲਾਂ ਰਾਜਸਥਾਨ ਦੇ ਇੱਕ ਟਰੱਕ ਦਾ 1.41 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ।
ਇੱਕ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਇਨਫ਼ੋਰਸਮੈਂਟ ਟੀਮ ਨੇ ਟਰੱਕ ਮਾਲਕ ਨੂੰ 2 ਲੱਖ 500 ਰੁਪਏ ਦਾ ਕਾਨੂੰਨੀ ਤੌਰ ’ਤੇ ਬਣਦਾ ਜੁਰਮਾਨਾ ਕੀਤਾ ਕਿਉਂਕਿ ਉਸ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਸੀ ਤੇ ਨਾ ਹੀ ਪ੍ਰਦੂਸ਼ਣ ਸਰਟੀਫ਼ਿਕੇਟ। ਰਜਿਸਟ੍ਰੇਸ਼ਨ ਸਰਟੀਫ਼ਿਕੇਟ, ਫ਼ਿਟਨੈੱਸ ਟੈਸਟ ਤੇ ਬੀਮਾ ਵੀ ਨਹੀਂ ਸੀ। ਉਸ ਨੇ ਪਰਮਿਟ ਵੀ ਨਹੀਂ ਲਿਆ ਹੋਇਆ ਸੀ ਅਤੇ ਨਾ ਹੀ ਡਰਾਇਵਰ ਨੇ ਸੀਟ ਬੈਲਟ ਲਾਈ ਹੋਈ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਇਹ ਜੁਰਮਾਨਾ ਦੇਸ਼ ਵਿੱਚ ਵੀ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੋਵੇ। ਇਸ ਜੁਰਮਾਨੇ ਦੀ ਅਦਾਇਗੀ ਰੋਹਿਨੀ ਅਦਾਲਤ ਵਿੱਚ ਕਰ ਦਿੱਤੀ ਗਈ ਹੈ।