ਉੱਤਰ ਪ੍ਰਦੇਸ਼ ਦੇ ਮੁੰਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਕੈਬਿਨੇਟ ਦੀ ਮੀਟਿੰਗ ’ਚ ਭਗਵਾਨ ਸ੍ਰੀਰਾਮ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਤੇ ਅਯੁੱਧਿਆ ’ਚ ਇੱਕ ਡਿਜੀਟਲ ਅਜਾਇਬਘਰ ਦੀ ਉਸਾਰੀ ਲਈ 446.46 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਤੋਂ ਇਲਾਵਾ ਸੱਤ ਹੋਰ ਅਹਿਮ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਰਾਮ ਮੰਦਰ ਉੱਤੇ ਸਪੁਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਸੂਬਾ ਸਰਕਾਰ ਨੈ ਅਯੁੱਧਿਆ ਦੇ ਵਿਕਾਸ ਲਈ ਇਹ ਵੱਡਾ ਕਦਮ ਚੁੱਕਿਆ ਹੈ। ਇੱਥੇ ਵਰਨਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਯੋਗੀ ਪਹਿਲਾਂ ਹੀ ਗੁਜਰਾਤ ’ਚ ਸਥਾਪਤ ਸਰਦਾਰ ਪਟੇਲ ਦੀ ਵਿਸ਼ਾਲ ਮੂਰਤੀ ਦੀ ਤਰਜ਼ ’ਤੇ ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਦੀ ਵਿਸ਼ਾਲ ਮੂਰਤੀ ਲਾਉਣ ਦਾ ਐਲਾਨ ਕਰ ਚੁੱਕੇ ਹਨ।
ਰਾਜ ਸਰਕਾਰ ਦੇ ਬੁਲਾਰੇ ਤੇ ਊਰਜਾ ਮੰਤਰੀ ਸ੍ਰੀਕਾਂਤ ਸ਼ਰਮਾ ਅਤੇ ਖਾਦੀ ਗ੍ਰਾਮ–ਉਦਯੋਗ ਮੰਤਰੀ ਸਿਧਾਰਥ ਨਾਥ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਯੁੱਧਿਆ ’ਚ ਸੈਰ–ਸਪਾਟੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਭਗਵਾਨ ਸ੍ਰੀਰਾਮ ਦੀ ਵਿਸ਼ਾਲ ਮੂਰਤੀ, ਉਨ੍ਹਾਂ ਉੱਤੇ ਆਧਾਰਤ ਡਿਜੀਟਲ ਮਿਊਜ਼ੀਅਮ ਭਾਵ ਅਜਾਇਬਘਰ, ਇੰਟਰਪ੍ਰੇਟੇਸ਼ਨ ਸੈਂਟਰ, ਲਾਇਬਰੇਰੀ, ਪਾਰਕਿੰਗ, ਫ਼ੂਡ ਪਲਾਜ਼ਾ ਆਦਿ ਦੀ ਸਥਾਪਨਾ ਲਈ 61.3807 ਹੈਕਟੇਅਰ ਜ਼ਮੀਨ ਦੀ ਖ਼ਰੀਦ ਲਈ 447.46 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਨਵੀਂ ਤੇ ਨਵਿਆਉਣਯੋਗ ਊਰਜਾ ਵਿਕਾਸ ਅਥਾਰਟੀ ਵੱਲੋਂ 500 ਮੈਗਾਵਾਟ ਸਮਰੱਥਾ ਲਈ ਸੱਦੀ ਮੁਕਾਬਲੇ ਵਾਲੀ ਟੈਰਿਫ਼ ਆਧਾਰਤ ਬੋਲੀ ਰਾਹੀਂ ਪ੍ਰਾਪਤ ਨਿਸ਼ਚਤ ਕੋਟੇਡ ਟੈਰਿਫ਼ ਮੁਤਾਬਕ ਸੂਬੇ ਵਿੱਚ 72 ਮੈਗਾਵਾਟ ਦੀ ਸਮਰੱਥਾ ਵਾਲੇ ਤਿੰਨ ਸੂਰਜੀ ਊਰਜਾ ਪਲਾਂਟਸ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਯੂਪੀ ਕੈਬਿਨੇਟ ਨੇ ਸ਼ੀਰਾ ਨੀਤੀ 2019–2020 ਨੂੰ ਵੀ ਮਨਜ਼ੂਰੀ ਦਿੱਤੀ। ਇਸ ਅਧੀਨ ਸੂਬੇ ਦੀਆਂ ਚੀਨੀ ਮਿੱਲਾਂ ਨੂੰ 18 ਫ਼ੀ ਸਦੀ ਸ਼ੀਰਾ ਦੇਸੀ ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਲਈ ਰਾਖਵਾਂ ਰੱਖਣਾ ਹੋਵੇਗਾ।