ਦਿੱਲੀ ਵਿਧਾਨ ਸਭਾ ਚੋਣਾਂ–2020 ’ਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੇ ਇੱਕ ਵਾਰ ਫਿਰ ਤੋਂ ਹਾਰ ਝੱਲਣ ਵਾਲੀ ਭਾਰਤੀ ਜਨਤਾ ਪਾਰਟੀ ਲਗਾਤਾਰ ਕਾਰਨਾਂ ਦੀ ਸਮੀਖਿਆ ’ਚ ਜੁਟੀ ਹੋਈ ਹੈ। ਦਿੱਲੀ ਚੋਣਾਂ ’ਚ ਮਿਲੀ ਹਾਰ ਉੱਤੇ ਹੁਣ ਰਾਸ਼ਟਰੀ ਸਵੈਮ–ਸੇਵਕ ਸੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਚੇਤੇ ਕਰਵਾਉਂਦਿਆਂ ਆਖਿਆ ਹੈ ਕਿ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਾ ਜਿੱਤ ਨਹੀਂ ਦਿਵਾ ਸਕਦੇ; ਇਸ ਲਈ ਜੱਥੇਬੰਦੀ ਦਾ ਪੁਨਰਗਠਨ ਕਰਨਾ ਚਾਹੀਦਾ ਹੈ।
ਰਾਸ਼ਟਰੀ ਸਵੈਮ–ਸੇਵਕ ਸੰਘ ਭਾਵ RSS ਦੇ ਅੰਗਰੇਜ਼ੀ ਅਖ਼ਬਾਰ ‘ਆਰਗੇਨਾਇਜ਼ਰ’ ਨੇ ਦੀਨ ਦਿਆਲ ਉਪਾਧਿਆਇ ਦੇ ਹਵਾਲੇ ਨਾਲ ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਾਰ ਦੀ ਸਮੀਖਿਆ ਪ੍ਰਕਾਸ਼ਿਤ ਕੀਤੀ ਹੈ। ਨਾਲ ਹੀ ਭਾਜਪਾ ਦੀ ਦਿੱਲੀ ਇਕਾਈ ਤੇ ਚੋਣਾਂ ’ਚ ਉਤਾਰੇ ਗਏ ਉਮੀਦਵਾਰਾਂ ਬਾਰੇ ਵਿਸਥਾਰਪੂਰਬਕ ਮੁਲਾਂਕਣ ਵੀ ਪ੍ਰਕਾਸ਼ਿਤ ਕੀਤਾ ਹੈ।
ਲੇਖ ’ਚ ਜ਼ੋਰ ਦੇ ਕੇ ਆਖਿਆ ਗਿਆ ਹੈ ਕਿ ਇੱਕ ਸੰਗਠਨ ਵਜੋਂ ਭਾਜਪਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਹਮੇਸ਼ਾ ਮਦਦ ਨਹੀਂ ਕਰ ਸਕਦੇ। ਲੇਖ ’ਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵਿਧਾਨ ਸਭਾ ਪੱਧਰ ਦੀਆਂ ਚੋਣਾਂ ’ਚ ਸਦਾ ਮਦਦ ਨਹੀਂ ਕਰ ਸਕਦੇ ਹਨ ਤੇ ਸਥਾਨਕ ਇੱਛਾਵਾਂ ਦੀ ਪੂਰਤੀ ਲਈ ਦਿੱਲੀ ’ਚ ਸੰਗਠਨ ਦੇ ਪੁਨਰ–ਨਿਰਮਾਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।
ਦਿੱਲੀ ਚੋਣਾਂ ਬਾਰੇ ‘ਆਰਗੇਨਾਇਜ਼ਰ’ ਨੇ ਅੱਗੇ ਆਖਿਆ ਹੈ ਕਿ ਸਾਲ 2015 ਤੋਂ ਬਾਅਦ ਭਾਜਪਾ ਦੀ ਜ਼ਮੀਨੀ ਪੱਧਰ ’ਤੇ ਖ਼ੁਦ ਦੀ ਢਾਂਚਾਗਤ ਵਿਵਸਕਾ ਨੂੰ ਪੁਨਰ–ਸੁਰਜੀਤ ਕਰਨ ਤੇ ਚੋਣਾਂ ਦੇ ਆਖ਼ਰੀ ਗੇੜ ’ਚ ਪ੍ਰਚਾਰ–ਪਾਸਾਰ ਨੂੰ ਸਿਖ਼ਰ ’ਤੇ ਲਿਜਾਣ ਵਿੱਚ ਵਿਖਾਈ ਦੇ ਰਹੀ ਨਾਕਾਮੀ ਚੰਗੀ ਤਰ੍ਹਾਂ ਲੜੀ ਚੋਣ ’ਚ ਮਿਲੀ ਅਸਫ਼ਲਤਾ ਦੇ ਵੱਡੇ ਕਾਰਨ ਰਹੇ।
‘ਦਿੱਲੀ ਡਾਇਵਰਜੈਂਟ ਮੈਂਡੇਟ’ ਸਿਰਲੇਖ ਅਧੀਨ ਲਿਖੇ ਇਸ ਲੇਖ ’ਚ ਦਿੱਲੀ ਵਿੱਚ ਸਿਟੀ ਸਟੇਟ ਦੇ ਵੋਟਿੰਗ–ਵਿਵਹਾਰ ਨੂੰ ਸਮਝ ’ਤੇ ਜ਼ੋਰ ਦਿੱਤਾ ਗਿਆ ਹੈ।
ਲੇਖ ’ਚ ਕਿਹਾ ਗਿਆ ਹੈ ਕਿ ਉੱਤਰੀ ਦਿੱਲੀ ਬਦਲਦੇ ਚਰਿੱਤਰ ਵਿੱਚ ਹੈ। ਇਹ ਆਰਟੀਕਲ ਸੰਪਾਦਕ ਪ੍ਰਫ਼ੁੱਲ ਕੇਤਕਰ ਨੇ ਲਿਖਿਆ ਹੈ।