ਨਾਗਰਿਕਤਾ ਸੋਧ ਕਾਨੂੰਨ (CAA) ਦੇ ਮੁੱਦੇ ’ਤੇ ਕੇਰਲ ਸਰਕਾਰ ਤੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਵਿਚਾਲੇ ਤਕਰਾਰਬਾਜ਼ੀ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਅੱਜ ਤੋਂ ਸ਼ੁਰੂ ਹੋਏ ਕੇਰਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ CAA ਅਤੇ NRC ਨੂੰ ਲੈ ਕੇ ਜ਼ਬਰਦਸਤ ਹੰਗਾਮਾ ਤੇ ਪ੍ਰਦਰਸ਼ਨ ਹੋਇਆ।
ਕੇਰਲ ਦੇ ਰਾਜਪਾਲ ਸ੍ਰੀ ਆਰਿਫ਼ ਮੁਹੰਮਦ ਖ਼ਾਨ ਜਿਵੇਂ ਹੀ ਸਦਨ ’ਚ ਪੁੱਜੇ, ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਹੋ ਗਈ ਤੇ ਉਨ੍ਹਾਂ ਨੂੰ ਯੂਡੀਐੱਫ਼ ਦੇ ਵਿਧਾਇਕਾਂ ਨੇ ਪਲੇ–ਕਾਰਡਜ਼ ਵਿਖਾਏ। ਮੰਚ ਤੱਕ ਪੁੱਜਣ ਦੌਰਾਨ ਰਾਜਪਾਲ ਦਾ ਰਾਹ ਵੀ ਰੋਕਿਆ ਗਿਆ।
ਰਾਜਪਾਲ ਨੇ ਹੁਣ ਤੋਂ ਕੁਝ ਚਿਰ ਪਿੱਛੋਂ ਵਿਧਾਨ ਸਭਾ ’ਚ ਸਰਕਾਰ ਦੀਆਂ ਨੀਤੀਆਂ ਬਾਰੇ ਭਾਸ਼ਣ ਵੀ ਦੇਣਾ ਹੈ। ਇਸ ਭਾਸ਼ਣ ਵਿੱਚ ਕੈਬਿਨੇਟ ਵੱਲੋਂ CAA ਵਿਰੋਧੀ ਪ੍ਰਸਤਾਵ ਪਾਸ ਕੀਤੇ ਜਾਣ ਦਾ ਜ਼ਿਕਰ ਵੀ ਹੈ।
ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰਾਜਪਾਲ ਆਪਣਾ ਭਾਸ਼ਣ ਕਿਵੇਂ ਦਿੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਭਾਸ਼ਣ ਦੌਰਾਨ CAA ਵਾਲਾ ਕੁਝ ਹਿੱਸਾ ਬਿਨਾ ਪੜ੍ਹੇ ਵੀ ਛੱਡ ਸਕਦੇ ਹਨ।
ਇਸ ਦੌਰਾਨ ਆਰਿਫ਼ ਮੁਹੰਮਦ ਖ਼ਾਨ ਨੂੰ ਰਾਸ਼ਟਰਪਤੀ ਵੱਲੋਂ ਵਾਪਸ ਸੱਦੇ ਜਾਣ ਦੀ ਮੰਗ ਨੂੰ ਲੈ ਕੇ ਯੂਡੀਐੱਫ਼ ਸਰਕਾਰ ਦਾ ਪ੍ਰਸਤਾਵ ਵੀ ਸਦਨ ’ਚ ਉੱਠ ਸਕਦਾ ਹੈ। ਇਸ ਨੋਟਿਸ ਨੂੰ ਫ਼ਿਲਹਾਲ ਸਦਨ ਦੀ ਮਨਜ਼ੂਰੀ ਦੀ ਉਡੀਕ ਹੈ।
ਇਸ ਤੋਂ ਪਹਿਲਾਂ ਕੇਰਲ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਗਈ ਸੀ; ਜਿਸ ਦੀ ਜਾਣਕਾਰੀ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਨਹੀਂ ਦਿੱਤੀ ਗਈ ਸੀ। ਸਰਕਾਰ ਦੇ ਇਸ ਕਦਮ ਤੋਂ ਰਾਜਪਾਲ ਬਹੁਤ ਖ਼ਫ਼ਾ ਹੋ ਗਏ ਸਨ। ਉਨ੍ਹਾਂ ਪੁੱਛਿਆ ਸੀ ਕਿ ਰਾਜਪਾਲ ਦਫ਼ਤਰ ਨੂੰ ਇਸ ਦੀ ਸੂਚਨਾ ਕਿਉਂ ਨਹੀਂ ਦਿੱਤੀ ਗਈ।
ਰਾਜਪਾਲ ਨੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਉੱਤੇ ਵੀ ਹਮਲਾ ਬੋਲਦਿਆਂ ਕਿਹਾ ਸੀ ਕਿ ਸਰਕਾਰ ਦੇ ਕੰਮਕਾਜ ਨੂੰ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਦੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਚਲਾਇਆ ਜਾਣਾ ਚਾਹੀਦਾ; ਹਰੇਕ ਨੂੰ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ।