ਬਿਹਾਰ ਦੇ ਬਹੁ–ਚਰਚਿਤ ਮੁਜ਼ੱਫ਼ਰਪੁਰ ਸ਼ੈਲਟਰ ਹੋਮ ਕੇਸ ਵਿੱਚ ਦਿੱਲੀ ਦੀ ਸਾਕੇਤ ਅਦਾਲਤ ਦਾ ਫ਼ੈਸਲਾ ਹੁਣ ਅਗਲੇ ਵਰ੍ਹੇ 14 ਜਨਵਰੀ ਨੂੰ ਆਵੇਗਾ। ਪਹਿਲਾਂ ਇਸ ਕੇਸ ਦਾ ਫ਼ੈਸਲਾ ਅੱਜ ਵੀਰਵਾਰ ਨੂੰ ਆਉਣਾ ਸੀ ਪਰ ਸਬੰਧਤ ਜੱਜ ਦੇ ਮੌਜੂਦ ਨਾ ਹੋਣ ਕਾਰਨ ਇਸ ਨੂੰ ਟਾਲ਼ ਦਿੱਤਾ ਗਿਆ। ਬ੍ਰਜੇਸ਼ ਠਾਕੁਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਹੈ; ਉਸ ਨਾਲ ਕੁੱਲ 20 ਮੁਲਜ਼ਮਾਂ ਉੱਤੇ ਇਸ ਮਾਮਲੇ ਵਿੱਚ ਪੌਕਸੋ ਸਮੇਤ ਕਈ ਗੰਭੀਰ ਧਾਰਾਵਾਂ ਅਧੀਨ ਮੁਕੱਦਮਾ ਦਰਜ ਹੋਇਆ ਸੀ।
ਇਸ ਮਾਮਲੇ ਦੇ ਜ਼ਿਆਦਾਤਰ ਮੁਲਜ਼ਮ ਮੁਜ਼ੱਫ਼ਰਪੁਰ ਸ਼ੈਲਟਰ ਹੋਮ ’ਚ ਕੰਮ ਕਰਨ ਵਾਲੇ ਮੁਲਾਜ਼ਮ ਤੇ ਸਮਾਜਕ ਭਲਾਈ ਵਿਭਾਗ ਦੇ ਅਧਿਕਾਰੀ ਹਨ। ਪਿਛਲੇ ਵਰ੍ਹੇ ਫ਼ਰਵਰੀ 2018 ’ਚ ਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਸੀ, ਜਦੋਂ ਟਾਟਾ ਇੰਸਟੀਚਿਊਟ ਸੋਸ਼ਲ ਸਾਇੰਸ ਦੀ ਟੀਮ ਵੱਲੋਂ ਮੁਜ਼ੱਫ਼ਰਪੁਰ ਸ਼ੈਲਟਰ ਦੀ ਆਡਿਟ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਸੀ।
ਆੱਡਿਟ ਰਿਪੋਰਟ ਬਿਹਾਰ ਦੇ ਸਮਾਜ ਭਲਾਈ ਵਿਭਾਗ ਨੂੰ ਦਿੱਤੀ ਗਈ ਆੱਡਿਟ ਰਿਪੋਰਟ ਤੋਂ ਬਾਅਦ ਬਿਹਾਰ ਦੀ ਸਿਆਸਤ ’ਚ ਭੂਚਾਲ ਆ ਗਿਆ ਸੀ। ਮੁਜ਼ੱਫ਼ਰਪੁਰ ਸ਼ੈਲਟਰ ਹੋਮ ਦੀਆਂ ਬੱਚੀਆਂ ਨੂੰ ਪਟਨਾ ਤੇ ਮੋਕਾਮਾ ਤੇ ਹੋਰ ਹੋਮਜ਼ ਵਿੱਚ ਤਬਦੀਲ ਕੀਤਾ ਗਿਆ ਸੀ। ਬਾਅਦ ’ਚ ਮੈਡੀਕਲ ਰਿਪੋਰਟ ਵਿੱਚ 42 ਵਿੱਚੋਂ 34 ਬੱਚੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਸੀ। ਬ੍ਰਜੇਸ਼ ਠਾਕੁਰ ਉੱਤੇ ਸਿਆਸੀ ਸੰਪਰਕ ਵਰਤ ਕੇ ਕੁੜੀਆਂ ਦਾ ਸ਼ੋਸ਼ਣ ਕਰਨ ਤੇ ਕਰਵਾਉਣ ਇਲਜ਼ਾਮ ਲੱਗੇ ਸਨ।
ਪਿਛਲੇ ਸਾਲ ਜੁਲਾਈ ’ਚ ਸੀਬੀਆਈ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ। ਇਹ ਮਾਮਲਾ ਇੰਨਾ ਉੱਛਲਿਆ, ਤਾਂ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਬਿਹਾਰ ਤੋਂ ਦਿੱਲੀ ਟ੍ਰਾਂਸਫ਼ਰ ਕਰ ਦਿੱਤਾ ਗਿਆ ਸੀ। ਸਾਕੇਤ ਕੋਰਟ ਵਿੱਚ 23 ਫ਼ਰਵਰੀ ਤੋਂ ਇਸ ਮਾਮਲੇ ਦੀ ਨਿਯਮਤ ਸੁਣਵਾਈ ਚੱਲ ਰਹੀ ਸੀ।
ਸਾਕੇਤ ਅਦਾਲਤ ਨੇ ਇਸ ਸਾਰੇ ਮਾਮਲੇ ਦੀ ਸੁਣਵਾਈ ਬੀਤੇ ਸਤੰਬਰ ਮਹੀਨੇ ਹੀ ਪੂਰੀ ਕਰ ਲਈ ਸੀ ਤੇ ਉਸ ਬਾਰੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਸੀ।
.