ਕੋਰੋਨਾ ਵਾਇਰਸ ਲੌਕਡਾਊਨ ਵਿਚਕਾਰ ਖੁੱਲ੍ਹਣ ਵਾਲੀਆਂ ਦੁਕਾਨਾਂ ਨੂੰ ਲੈ ਕੇ ਪੈਦਾ ਹੋਏ ਭੰਬਲਭੂਸੇ ਨੂੰ ਵੇਖਦਿਆਂ ਗ੍ਰਹਿ ਮੰਤਰਾਲੇ ਨੇ ਸਨਿੱਚਰਵਾਰ ਨੂੰ ਸਪੱਸ਼ਟੀਕਰਨ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ ਕੋਰੋਨਾ ਲੌਕਡਾਊਨ 'ਚ ਸੈਲੂਨ, ਬਿਊਟੀ ਪਾਰਲਰ, ਸਪਾ, ਰੈਸਟੋਰੈਂਟ ਤੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਅੱਜ ਤੋਂ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਕੁਝ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ।
ਮੰਤਰਾਲੇ ਨੇ ਆਪਣੇ ਸੋਧੇ ਹੋਏ ਆਦੇਸ਼ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਸਬੰਧੀ ਕੰਟੇਨਮੈਂਟ ਜ਼ੋਨ ਜਾਂ ਹੌਟ-ਸਪੋਟ ਵਜੋਂ ਘੋਸ਼ਿਤ ਕੀਤੇ ਗਏ ਖੇਤਰਾਂ 'ਚ ਕੋਈ ਛੋਟ ਨਹੀਂ ਹੋਵੇਗੀ। ਮਤਲਬ ਇਨ੍ਹਾਂ ਖੇਤਰਾਂ 'ਚ ਪਹਿਲਾਂ ਦੀ ਤਰ੍ਹਾਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਈ-ਕਾਮਰਸ ਕੰਪਨੀਆਂ ਵੱਲੋਂ ਵਿਕਰੀ ਸਿਰਫ਼ ਜ਼ਰੂਰੀ ਚੀਜ਼ਾਂ ਲਈ ਜਾਰੀ ਰਹੇਗੀ।
ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸ਼ੌਪਿੰਗ ਮਾਲਾਂ ਨੂੰ ਛੱਡ ਕੇ ਪੇਂਡੂ ਖੇਤਰਾਂ 'ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਉੱਥੇ ਹੀ ਸ਼ਹਿਰੀ ਇਲਾਕਿਆਂ 'ਚ ਸਟੈਂਡ ਅਲੋਨ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ 'ਚ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਹੈ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਬਾਜ਼ਾਰ 'ਚ ਸਥਿੱਤ ਦੁਕਾਨਾਂ, ਸ਼ਾਪਿੰਗ ਕੰਪਲੈਕਸ ਅਤੇ ਸ਼ਾਪਿੰਗ ਮਾਲ ਨੂੰ ਖੋਲ੍ਹਣ ਦੀ ਮਨਜੂਰੀ ਨਹੀਂ ਹੈ। ਨਾਲ ਹੀ ਈ-ਕਾਮਰਸ ਕੰਪਨੀਆਂ ਲੌਕਡਾਊਨ 'ਚ ਪਹਿਲਾਂ ਦੀ ਤਰ੍ਹਾਂ ਸਿਰਫ਼ ਜ਼ਰੂਰੀ ਚੀਜ਼ਾਂ ਦੀ ਹੀ ਡਿਲੀਵਰ ਕਰ ਸਕਦੀਆਂ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਰਾਬ ਤੇ ਹੋਰ ਚੀਜ਼ਾਂ ਦੀ ਵਿਕਰੀ 'ਤੇ ਰੋਕ ਜਾਰੀ ਰਹੇਗੀ।
ਜਿਨ੍ਹਾਂ ਦੁਕਾਨਾਂ ਨੂੰ ਇਹ ਛੋਟ ਦਿੱਤੀ ਗਈ ਹੈ, ਉਨ੍ਹਾਂ 'ਚ ਸਿਰਫ਼ 50 ਫ਼ੀਸਦੀ ਮੁਲਾਜ਼ਮ ਕੰਮ ਕਰਨਗੇ ਅਤੇ ਸਾਰਿਆਂ ਲਈ ਮਾਸਕ ਪਹਿਣਨਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।
ਇਹ ਸਪੱਸ਼ਟੀਕਰਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਸਬੰਧ ਵਿੱਚ ਜਾਰੀ ਕੀਤੇ ਆਦੇਸ਼ ਦੇ ਮੱਦੇਨਜ਼ਰ ਜਾਰੀ ਕੀਤਾ ਹੈ। ਹਾਲਾਂਕਿ ਦਿੱਲੀ ਸਰਕਾਰ ਇਸ ਆਦੇਸ਼ 'ਤੇ 27 ਮਾਰਚ ਨੂੰ ਫ਼ੈਸਲਾ ਲਵੇਗੀ। ਮਤਲਬ ਦਿੱਲੀ 'ਚ ਇਸ ਆਦੇਸ਼ ਦੀ ਪਾਲਣਾ ਨਹੀਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦੇ ਦੂਜੇ ਗੇੜ ਦਾ ਐਲਾਨ ਕੀਤਾ ਸੀ। ਲੌਕਡਾਊਨ ਦਾ ਦੂਜਾ ਗੇੜ 21 ਦਿਨ ਦਾ ਹੈ, ਜੋ ਕਿ 3 ਮਈ ਨੂੰ ਖ਼ਤਮ ਹੋਵੇਗਾ।