ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਦਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਕੁਝ ਕਾਹਲ਼ੀ ’ਚ ਲਿਆ ਫ਼ੈਸਲਾ ਸੀ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਨਿਰਾਸ਼ਾਜਨਕ ਹਾਰ ਤੋਂ ਬਾਅਦ ਪਾਰਟੀ ਆਤਮ–ਚਿੰਤਨ ਵੀ ਨਹੀਂ ਕਰ ਪਾਈ ਕਿਉਂਕਿ ਰਾਹੁਲ ਗਾਂਧੀ ਨੇ ਅਸਤੀਫ਼ਾ ਦੇ ਦਿੱਤਾ ਸੀ।
ਇਸ ਬਿਆਨ ਤੋਂ ਬਾਅਦ ਕੱਲ੍ਹ ਸਨਿੱਚਰਵਾਰ ਨੂੰ ਉਨ੍ਹਾਂ ਮੁੜ ਬਿਆਨ ਜਾਰੀ ਕੀਤਾ। ਉਨ੍ਹਾਂ ਰਾਹੁਲ ਗਾਂਧੀ ਨੂੰ ਨੇਤਾ ਦੱਸਦਿਆਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਖੁੱਲ੍ਹੀ ਚਿੱਠੀ ਵਿੱਚ ਉਨ੍ਹਾਂ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਸਾਬਕਾ ਕਾਨੂੰਨ ਮੰਤਰੀ ਸਲਮਾਨ ਖ਼ੁਰਸ਼ੀਦ ਆਪਣੀ ਪਾਰਟੀ ਦੇ ਆਗੂਆਂ ਉੱਤੇ ਵੀ ਰੱਜ ਕੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਮੈਨੂੰ ਅਜਿਹੇ ਲੋਕ ਗਿਆਨ ਦੇ ਰਹੇ ਹਨ, ਜੋ ਭਰੋਸੇਯੋਗਤਾ ਤੇ ਸਿਆਸੀ ਰਣਨੀਤੀ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਆਪਣੀ ਖੁੱਲ੍ਹੀ ਚਿੱਠੀ ਵਿੱਚ ਕਿਹਾ ਕਿ ਇਹ ਵੇਲਾ ਅਸਲ ਜਾਂ ਕਾਲਪਨਿਕ ਡਰ ਤੇ ਮਤਭੇਦਾਂ ਤੋਂ ਅਗਾਂਹ ਨਿੱਕਲ ਕੇ ਅੱਗੇ ਵਧਣ ਦਾ ਹੈ।
ਦਰਅਸਲ, ਖ਼ੁਰਸ਼ੀਦ ਦੇ ਪਿਛਲੇ ਬਿਆਨ ਨੂੰ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਨਿੱਚਰਵਾਰ ਨੂੰ ਸ੍ਰੀ ਸਲਮਾਨ ਖ਼ੁਰਸ਼ੀਦ ਨੇ ਇਹ ਚਿੱਠੀ ਲਿਖੀ ਸੀ।
ਆਪਣੀ ਇਸ ਪੋਸਟ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਮੈਂ ਨਿਜੀ ਤੌਰ ਉੱਤੇ ਸ਼ੁਕਰਗੁਜ਼ਾਰ ਹਾਂ ਤੇ ਭਾਰਤੀ ਲੋਕਤੰਤਰ ਬਾਰੇ ਮੇਰੀ ਸਮਝ ਕਾਰਨ ਗਾਂਧੀ ਪਰਿਵਾਰ ਦੀ ਹਮਾਇਤ ਕਰਦਾ ਹਾਂ। ਔਖੇ ਵੇਲੇ ਰਣਨੀਤਕ ਚੁੱਪੀ ਸਮਝਦਾਰੀ ਹੈ ਪਰ ਭਵਿੱਖ ਨੂੰ ਲੈ ਕੇ ਵੀ ਚਰਚਾ ਕਰਨੀ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਮੇਰੇ ਸਾਥੀ ਭਾਜਪਾ ਨੂੰ ਘੇਰਨ ਦੀ ਡਿਊਟੀ ਦੀ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਤਦ ਹੀ ਸੰਭਵ ਹੈ; ਜਦੋਂ ਅਸੀਂ ਆਪਣੀ ਗੱਲ ਬਿਨਾ ਕਿਸੇ ਡਰ ਤੋਂ ਰੱਖ ਸਕੀਏ।