ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੰਸਕ੍ਰਿਤ ਪੜ੍ਹਾਉਣ ਨਾਲ ਬਲਾਤਕਾਰ ਦੀਆਂ ਘਟਨਾਵਾਂ 'ਤੇ ਰੋਕ ਲੱਗੇਗੀ। ਰਾਜਪਾਲ ਕੋਸ਼ਿਆਰੀ ਨੇ ਵੀਰਵਾਰ ਨੂੰ ਨਾਗਪੁਰ ਯੂਨੀਵਰਸਿਟੀ ਦੇ ਪ੍ਰੋਗਰਾਮ 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਸੰਸਕ੍ਰਿਤ ਦੇ ਸ਼ਲੋਕ ਪੜ੍ਹਾਏ ਜਾਣੇ ਚਾਹੀਦੇ ਹਨ।
ਭਗਤ ਸਿੰਘ ਕੋਸ਼ਿਆਰੀ ਨਾਗਪੁਰ ਯੂਨੀਵਰਸਿਟੀ ਦੇ ਜਮਨਾਲਾਲ ਬਜਾਜ ਪ੍ਰਸ਼ਾਸਨਿਕ ਭਵਨ ਦਾ ਉਦਘਾਟਨ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੇ ਬਲਾਤਕਾਰ ਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਸੰਸਕ੍ਰਿਤ ਦੀ ਪੜ੍ਹਾਈ ਰਾਹੀਂ ਇਸ 'ਤੇ ਰੋਕ ਲਗਾਉਣ ਦਾ ਸੁਝਾਅ ਦਿੱਤਾ।
ਗਵਰਨਰ ਨੇ ਬਜਾਜ ਇਲੈਕਟ੍ਰਿਕਲਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੇਖਰ ਬਜਾਜ ਨੂੰ ਕਿਹਾ, "ਇੱਕ ਸਮਾਂ ਸੀ ਜਦੋਂ ਘਰਾਂ 'ਚ ਕੰਨਿਆ ਪੂਜਨ ਹੁੰਦਾ ਸੀ। ਤੁਸੀ ਵੀ ਧਾਰਮਿਕ ਪਰਿਵਾਰ ਤੋਂ ਹੋ ਅਤੇ ਇਹੀ ਕਰਦੇ ਹੋਵੋਗੇ। ਪਰ ਅੱਜਕਲ ਦੇਸ਼ 'ਚ ਕੀ ਹੋ ਰਿਹਾ ਹੈ। ਪਾਪੀ ਲੋਕ ਔਰਤਾਂ ਦਾ ਬਲਾਤਕਾਰ ਕਰ ਰਹੇ ਹਨ। ਤਾਕਤ ਦੀ ਵਰਤੋਂ ਸੁਰੱਖਿਆ ਲਈ ਹੋਣੀ ਚਾਹੀਦੀ ਹੈ ਜਾਂ ਗਲਤ ਕੰਮ ਲਈ। ਇਸ ਲਈ ਵਿਦਿਆਰਥੀਆਂ ਨੂੰ ਸ਼ਲੋਕ ਪੜ੍ਹਨੇ ਚਾਹੀਦੇ ਹਨ ਤਾ ਕਿ ਅਜਿਹੀਆਂ ਘਟਨਾਵਾਂ ਨਾ ਹੋਣ।"
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉੱਤਰਾਖੰਡ 'ਚ ਭਾਜਪਾ ਦੇ ਵੱਡੇ ਨੇਤਾ ਰਹਿ ਚੁੱਕੇ ਹਨ। 77 ਸਾਲਾ ਕੋਸ਼ਿਆਰੀ ਅਕਤੂਬਰ 2001 ਤੋਂ 2002 ਵਿਚਕਾਰ ਉੱਤਰਾਖੰਡ ਦੇ ਦੂਜੇ ਮੁੱਖ ਮੰਤਰੀ ਵਜੋਂ ਕੰਮ ਕਰ ਚੁੱਕੇ ਹਨ।