ਹਰਿਆਣਾ ਦੀ ਮਸ਼ਹੂਰ ਗਾਇਕਾ ਸਪਨਾ ਚੌਧਰੀ ਕੱਲ੍ਹ ਦੇਰ ਰਾਤੀਂ ਗੁਰੂਗ੍ਰਾਮ ਵਿਖੇ ਇੱਕ ਸੜਕ ਹਾਦਸੇ ’ਚ ਵਾਲ–ਵਾਲ ਬਚ ਗਏ। ਉਹ ਵੀਰਵਾਰ ਦੀ ਰਾਤ ਨੂੰ ਖ਼ਰੀਦਦਾਰੀ ਕਰ ਕੇ ਸੋਹਨ ਰੋਡ ਰਾਹੀਂ ਪਰਤ ਰਹੇ ਸਨ ਕਿ ਵਾਟਿਕਾ ਚੌਕ ਉੱਤੇ ਉਨ੍ਹਾਂ ਦੀ ਕਾਰ ਨੂੰ ਇੱਕ ਹੋਰ ਤੇਜ਼ ਰਫ਼ਤਾਰ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ।
ਸਪਨਾ ਚੌਧਰੀ ਨੂੰ ਇੱਕ ਝਰੀਟ ਵੀ ਨਹੀਂ ਲੱਗੀ। ਉਹ ਬਿਨਾ ਕੋਈ ਪੁਲਿਸ ਸ਼ਿਕਾਇਤ ਕੀਤਿਆਂ ਡਰਾਇਵਰ ਨਾਲ ਅੱਗੇ ਵਧ ਗਏ। ਕੁਝ ਸਥਾਨਕ ਲੋਕਾਂ ਮੁਤਾਬਕ ਟੱਕਰ ਤੋਂ ਬਾਅਦ ਸਪਨਾ ਦੇ ਡਰਾਇਵਰ ਨੇ ਗੱਡੀ ਰੋਕੀ ਪਰ ਤਦ ਤੱਕ ਦੂਜੀ ਕਾਰ ਦਾ ਡਰਾਇਵਰ ਗੱਡੀ ਲੈ ਕੇ ਫ਼ਰਾਰ ਹੋ ਗਿਆ।
ਇਸ ਕਾਰਨ ਉਸ ਕਾਰ ਦੇ ਨੰਬਰ ਤੇ ਡਰਾਇਵਰ ਦੀ ਸ਼ਨਾਖ਼ਤ ਨਹੀਂ ਹੋ ਸਕੀ। ਸਪਨਾ ਚੌਧਰੀ ਨੇ ਵੀ ਇਸ ਹਾਦਸੇ ਨੂੰ ਕਾਫ਼ੀ ਹਲਕੇ ’ਚ ਲਿਆ।
ਬਾਦਸ਼ਾਹਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਮੁਤਾਬਕ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ, ਸ਼ਿਕਾਇਤ ਆਵੇਗੀ ਤਾਂ ਜ਼ਰੂਰ ਕਾਰਵਾਈ ਕਰਾਂਗੇ।
ਸਪਨਾ ਚੌਧਰੀ ਦੀ ਕਾਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਹੈ ਤੇ ਪਿਛਲੀ ਹੈੱਡਲਾਈਟ ਨੂੰ ਵੀ ਨੁਕਸਾਨ ਪੁੱਜਾ ਹੈ।