ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਭਾਰਤ ਦੇ ਕੁੱਲ ਘਰੇਲੂ ਉਤਪਾਦ (GDP) ’ਚ ਵਾਧੇ ਦੀ ਦਰ 5 ਫ਼ੀ ਸਦੀ ਤੋਂ ਵੀ ਹੇਠਾਂ ਆ ਸਕਦੀ ਹੈ। ਇਹੋ ਨਹੀਂ ਸਮੁੱਚੇ ਵਿੱਤੀ ਵਰ੍ਹੇ 2019–2020 ਦੌਰਾਨ GDP ਵਾਧਾ ਦਰ 6 ਫ਼ੀ ਸਦੀ ਤੋਂ ਵੀ ਘਟ ਸਕਦੀ ਹੈ। ਇਹ ਚੇਤਾਵਨੀ ਭਾਰਤੀ ਸਟੇਟ ਬੈਂਕ (SBI) ਨੇ ਆਪਣੀ ਇੱਕ ਰਿਪੋਰਟ ’ਚ ਦਿੱਤੀ ਹੈ।
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਨੇ ਆਖਿਆ ਸੀ ਕਿ ਇਸ ਵਿੱਤੀ ਵਰ੍ਹੇ ਦੌਰਾਨ GDP ਵਾਧਾ ਦਰ 6.1 ਫ਼ੀ ਸਦੀ ਰਹਿ ਸਕਦੀ ਹੈ। ਇੱਥੇ ਵਰਨਣਯੋਗ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਦੀ ਤਿਮਾਹੀ ਵਿੱਚ ਭਾਰਤ ਦੀ GDP ਵਿੱਚ ਵਾਧਾ 5.8 ਫ਼ੀ ਸਦੀ ਹੋਇਆ ਸੀ। ਖਪਤ ਵਿੱਚ ਕਮੀ, ਕਮਜ਼ੋਰ ਨਿਵੇਸ਼ ਤੇ ਕਈ ਖੇਤਰਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ GDP ਵਾਧੇ ਦੀ ਰਫ਼ਤਾਰ ਹੋਰ ਵੀ ਸੁਸਤ ਪੈ ਗਈ ਹੈ।
ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2012–13 ਦੀ ਜਨਵਰੀ ਤੋ਼ ਮਾਰਚ ਮਹੀਨੇ ਦੀ ਤਿਮਾਹੀ ਵਿੱਚ GDP ਵਾਧਾ 5 ਫ਼ੀ ਸਦੀ ਤੋਂ ਹੇਠਾਂ 4.3 ਫ਼ੀ ਸਦੀ ਤੱਕ ਸੀ।
SBI ਈਕੋਰੈਪ ਰਿਪੋਰਟ ’ਚ ਕਿਹਾ ਗਿਆ ਹੈ ਕਿ – ‘ਵਿੱਤੀ ਸਾਲ 2020 ਦੀ ਦੂਜੀ ਤਿਮਾਹੀ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਵਾਧੇ ਦੀ ਰਫ਼ਤਾਰ ਤੇਜ਼ ਹੋਣ ਦੀ ਹੁਣ ਘੱਟ ਆਸ ਹੈ। ਸਤੰਬਰ ਮਹੀਨੇ ’ਚ ਕੁੱਲ 26 ਸੰਕੇਤਾਂ ਵਿੱਚੋਂ ਸਿਰਫ਼ 5 ਸੰਕੇਤਾਂ ਵਿੱਚ ਹੀ ਵਾਧਾ ਵੇਖਿਆ ਜਾ ਰਿਹਾ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਾਲੇ ਵੀ ਅਰਥਚਾਰੇ ਦੀ ਮੰਗ ਵਿੱਚ ਬਹੁਤ ਵੱਡੀ ਕਮੀ ਬਣੀ ਹੋਈ ਹੈ ਤੇ ਇਸ ਨੂੰ ਸੁਧਰਨ ਵਿੱਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ। ਪ੍ਰਮੁੱਖ ਸੰਕੇਤਕਾਂ ਨੂੰ ਵੇਖਣ ਤੋਂ ਹੁਣ ਇੰਝ ਜਾਪ ਰਿਹਾ ਹੈ ਕਿ ਦੂਜੀ ਤਿਮਾਹੀ ਵਿੱਚ GDP ਦੀ ਵਾਧਾ ਦਰ 5 ਫ਼ੀ ਸਦੀ ਤੋ਼ ਘੱਟ ਹੋਵੇਗੀ।’