ਦੇਸ਼ ਦੇ ਮੰਨੇ–ਪ੍ਰਮੰਨੇ ਇੰਜੀਨੀਅਰਿੰਗ ਸੰਸਥਾਨਾਂ ਵਿੱਚੋਂ ਇੱਕ IIT ਕਾਨਪੁਰ ਦੇ ਵਿਗਿਆਨੀਆਂ ਨੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਵਿਗਿਆਨੀਆਂ ਨੇ ਆਪਣੀ ਇੱਕ ਖੋਜ ਦੇ ਆਧਾਰ ਉੱਤੇ ਇਹ ਪ੍ਰਗਟਾਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਭਾਰਤ ਵੱਡੇ ਹਿੱਸਾ ਵਿੱਚ ਭਿਆਨਕ ਕਿਸਮ ਦਾ ਭੂਚਾਲ ਆ ਸਕਦਾ ਹੈ।
ਵਿਗਿਆਨੀਆਂ ਮੁਤਾਬਕ ਇਸ ਭੂਚਾਲ ਦੀ ਲਪੇਟ ਵਿੱਚ ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ ਦੇ ਨਾਲ–ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਬਿਹਰ ’ਚ ਵੱਡੀ ਤਬਾਹੀ ਹੋ ਸਕਦੀ ਹੈ।
IIT ਕਾਨਪੁਰ ਦੇ ਵਿਗਿਆਨੀਆਂ ਵੱਲੋਂ ਕੀਤੇ ਇੱਕ ਖੋਜ–ਵਿਸ਼ਲੇਸ਼ਣ ਮੁਤਾਬਕ ਦਿੱਲੀ ਤੋਂ ਬਿਹਾਰ ਤੱਕ ਅਗਲੇ ਕੁਝ ਸਮੇਂ ਦੌਰਾਨ ਤਬਾਹਕੁੰਨ ਭੂਚਾਲ ਆ ਸਕਦਾ ਹੈ। ਖੋਜ ਮੁਤਾਬਕ ‘ਇਹ ਭੂਚਾਲ ਕੋਈ ਛੋਟਾ ਨਹੀਂ ਹੋਵੇਗਾ; ਸਗੋਂ ਰਿਕਟਰ ਪੈਮਾਨੇ ਉੱਤੇ ਇਸ ਦੀ ਤੀਬਰਤਾ 7.5 ਤੋਂ 8.5 ਦਰਮਿਆਨ ਹੋਵੇਗੀ।’
IIT ਕਾਨਪੁਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਤੇ ਖ਼ੁਦ ਇਸ ਖੋਜ ਦੇ ਮੁਖੀ ਜਾਵੇਦ ਐੱਨ ਮਲਿਕ ਮੁਤਾਬਕ ਇਸ ਦਾਅਵੇ ਦੇ ਪੁਖ਼ਤਾ ਆਧਾਰ ਹਨ ਤੇ ਸਮੇਂ ਸਿਰ ਇਸ ਤੋਂ ਬਚਾਅ ਲਈ ਉਪਾਅ ਕਰ ਲੈਣੇ ਲਾਜ਼ਮੀ ਹਨ।
ਪ੍ਰੋਫ਼ੈਸਰ ਮਲਿਕ ਤੇ ਉਨ੍ਹਾਂ ਦੀ ਟੀਮ ਕਿੁਝ ਸਮਾਂ ਪਹਿਲਾਂ ਉਤਰਾਖੰਡ ਦੇ ਰਾਮਨਗਰ ’ਚ ਜ਼ਮੀਨ ਵਿੱਚ ਡੂੰਘਾ ਟੋਆ ਪੁੱਟ ਕੇ ਅਧਿਐਨ ਕੀਤਾ ਸੀ। ਵਿਗਿਆਨੀਆਂ ਨੇ ਜ਼ਮੀਨ ਤੋਂ ਪਹਾੜ ਵੱਲ 200 ਮੀਟਰ ਉਸ ਥਾਂ ਦੀ ਸ਼ਨਾਖ਼ਤ ਕੀਤੀ ਅਤੇ ਬਾਅਦ ’ਚ ਉੱਥੇ ਪੁਟਾਈ ਕੀਤੀ। ਜਿਮ ਕਾਰਬੈੱਟ ਨੈਸ਼ਨਲ ਪਾਰਕ ਤੋਂ 5–6 ਕਿਲੋਮੀਟਰ ਦੀ ਰੇਂਜ ਵਿੱਚ ਹੋਏ ਇਸ ਅਧਿਐਨ ’ਚ 1505 ਅਤੇ 1830 ’ਚ ਆਏ ਭੂਚਾਲ ਦੇ ਸਬੂਤ ਮਿਲੇ ਹਨ। ਇੱਥੇ 8 ਮੀਟਰ ਤੱਕ ਹੇਠਾਂ ਪੁਟਾਈ ਕਰਨ ’ਤੇ ਮਿੱਟੀ ਦੀ ਸਤ੍ਹਾ ਇੱਕ ਦੂਜੇ ਉੱਤੇ ਚੜ੍ਹੀ ਮਿਲੀ।
ਵਿਗਿਆਨੀਆਂ ਨੂੰ ਇਸ ਗੱਲ ਦੇ ਸੰਕੇਤ ਵੀ ਮਿਲੇ ਹਨ ਕਿ ਇੱਥੇ ਧਰਤੀ ਹੇਠਾਂ ਟੈਕਟੌਨਿਕ ਪਲੇਟਾਂ ਦੀ ਸਰਗਰਮੀ ਵੀ ਵਧੀ ਹੈ। ਪ੍ਰੋ. ਜਾਵੇਦ ਨੇ ਦੱਸਿਆ ਕਿ 1885 ਤੋਂ 2015 ਤੱਕ ਦੇਸ਼ ਵਿੱਚ ਸੱਤ ਵੱਡੇ ਭੂਚਾਲ ਆਏ ਸਨ; ਇਨ੍ਹਾਂ ਵਿੱਚੋਂ ਤਿੰਨ ਦੀਤੀਬਰਤਾ 7.5 ਤੋਂ 8.5 ਦਰਮਿਆਨ ਸੀ।