ਹਰਿਆਣਾ ਚ ਇਕ ਵਿਅਕਤੀ ਰਸੋਈ ਚ ਘਰੇਲੂ ਚੀਜ਼ਾਂ ਨੂੰ ਅਲਕੋਹਲ ਅਧਾਰਤ ਸੈਨੀਟਾਈਜ਼ਰ ਨਾਲ ਸਾਫ਼ ਕਰਦੇ ਸਮੇਂ ਅਚਾਨਕ ਅੱਗ ਦੇ ਸੰਪਰਕ ਚ ਆ ਗਿਆ ਜਿਸ ਕਾਰਨ ਉਹ 35 ਪ੍ਰਤੀਸ਼ਤ ਤਕ ਝੁਲਸ ਗਿਆ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਰੇਵਾੜੀ ਦੇ 44 ਸਾਲਾ ਵਿਅਕਤੀ ਨੂੰ ਇਸ ਘਟਨਾ ਤੋਂ ਬਾਅਦ ਐਤਵਾਰ ਰਾਤ ਨੂੰ ਸਰ ਗੰਗਾ ਰਾਮ ਹਸਪਤਾਲ ਲਿਆਂਦਾ ਗਿਆ ਸੀ।
ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਉਹ ਵਿਅਕਤੀ ਘਰ ਚ ਸੀ ਤੇ ਆਪਣੇ ਘਰ ਦੀਆਂ ਚੀਜ਼ਾਂ ਜਿਵੇਂ ਚਾਬੀਆਂ ਅਤੇ ਮੋਬਾਈਲ ਫੋਨ ਸਾਫ ਕਰ ਰਿਹਾ ਸੀ ਜਦੋਂਕਿ ਉਸਦੀ ਪਤਨੀ ਵੀ ਉਥੇ ਖਾਣਾ ਪਕਾ ਰਹੀ ਸੀ। ਅਚਾਨਕ ਉਸ ਵਿਅਕਤੀ ਦੇ ਕੁੜਤੇ 'ਤੇ ਇਕ ਛੋਟਾ ਜਿਹਾ ਸੈਨੀਟਾਈਜ਼ਰ ਡਿੱਗ ਗਿਆ, ਜਿਸ ਕਾਰਨ ਰਸੋਈ ਵਾਲੀ ਗੈਸ ਨਾਲ ਅੱਗ ਲੱਗ ਗਈ।
ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਡਾਕਟਰਾਂ ਦੀ ਸਲਾਹ 'ਤੇ ਸੈਨੇਟਾਇਜ਼ਰ ਨਿਯਮਿਤ ਰੂਪ ਚ ਲੋਕਾਂ ਦੁਆਰਾ ਵਰਤੇ ਜਾ ਰਹੇ ਹਨ। ਡਾਕਟਰਾਂ ਨੇ ਕਿਹਾ ਕਿ ਮਰੀਜ਼ ਦਾ ਚਿਹਰਾ, ਗਰਦਨ, ਛਾਤੀ, ਪੇਟ ਅਤੇ ਦੋਵੇਂ ਹੱਥ ਝੁਲਸ ਗਏ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਅਕਤੀ ਦੀ ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਚ ਜ਼ੇਰੇ ਇਲਾਜ ਹੈ ਤੇ ਉਸਦੀ ਹਾਲਤ “ਸਥਿਰ” ਹੈ।
ਪਲਾਸਟਿਕ ਅਤੇ ਕਾਸਮੈਟਿਕ ਸਰਜਰੀ ਵਿਭਾਗ ਦੇ ਚੇਅਰਮੈਨ ਮਹੇਸ਼ ਮੰਗਲ ਦੇ ਅਨੁਸਾਰ, “ਹਾਲਾਂਕਿ ਹੈਂਡ ਸੈਨੀਟਾਈਜ਼ਰ ਬਹੁਤ ਮਹੱਤਵਪੂਰਨ ਹੈ, ਪਰ ਅਸੀਂ ਸਲਾਹ ਦਿੰਦੇ ਹਾਂ ਕਿ ਅਲਕੋਹਲ ਅਧਾਰਤ ਸੈਨੀਟਾਈਜ਼ਰ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਇਸ ਉਤਪਾਦ ਵਿੱਚ ਈਥਾਈਲ ਅਲਕੋਹਲ ਦੀ ਕਾਫ਼ੀ ਮਾਤਰਾ ਹੁੰਦੀ ਹੈ। ਕੁਝ ਮਾਮਲਿਆਂ ਵਿੱਚ ਇਹ 62 ਪ੍ਰਤੀਸ਼ਤ ਤੱਕ ਹੁੰਦੀ ਹੈ, ਇਹ ਸੈਨੀਟਾਈਜ਼ਰ ਨੂੰ ਬਹੁਤ ਜਲਣਸ਼ੀਲ ਬਣਾਉਂਦਾ ਹੈ ਅਤੇ ਝੁਲਸਣ ਦਾ ਜੋਖਮ ਹੁੰਦਾ ਹੈ।