ਤਾਮਿਲਨਾਡੂ ਦੇ ਨੀਲਗਿਰੀ ਜਿ਼ਲ੍ਹੇ ਚ ਹਾਥੀ ਗਲਿਆਰੇ ਚ ਬਣੇ 11 ਰਿਜ਼ੋਰਟ ਐਤਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੀਲ ਕਰ ਦਿੱਤੇ ਗਏ। ਬਾਲੀਵੁੱਡ ਅਦਾਕਾਰ ਮਿਥੁਨ ਚੱਕਰਬਰਤੀ ਦਾ ਰਿਜ਼ੋਰਟ ਵੀ ਇਨ੍ਹਾਂ ਸੀਲ ਕੀਤੇ ਗਏ ਰਿਸੋਰਟ ਚ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਗੈਰ ਕਾਨੂੰਨੀ ਉਸਾਰੀ ਖਿਲਾਫ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਰਿਜ਼ੋਰਟ ਸੀਲ ਕਰਨ ਦੀ ਕਾਰਵਾਈ ਐਤਵਾਰ ਸਵੇਰ ਨੂੰ ਸ਼ੁਰੂ ਕੀਤੀ ਗਈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨੀਲਗਿਰੀ ਜਿ਼ਲ੍ਹਾ ਪ੍ਰਸ਼ਾਸਨ ਨੇ ਹਾਥੀ ਗਲਿਆਰੇ ਚ ਗੈਰਕਾਨੂੰਨੀ ਬਣਾਏ ਗਏ 39 ਰਿਜ਼ੋਰਟ ਦੀ ਪਛਾਣ ਕੀਤੀ ਸੀ ਜਿਨ੍ਹਾਂ ਕਾਰਨ ਹਾਥੀਆਂ ਦੀ ਆਜ਼ਾਦ ਚਹਿਲਕਦਮੀ ਨੂੰ ਭਾਰੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਇਸੇ ਕਾਰਨ ਜਾਨਵਰਾਂ ਅਤੇ ਮਨੁੱਖਾਂ ਵਿਚਾਲੇ ਝੱੜਪਾਂ ਹੁੰਦੀਆਂ ਹਨ।
ਪਹਿਲੇ ਪੜਾਅ ਦੌਰਾਨ ਅਧਿਕਾਰੀਆਂ ਨੇ 27 ਰਿਜ਼ੋਰਟ ਸੀਲ ਕੀਤੇ ਜਦਕਿ ਬਾਕੀ 12 ਚੋਂ 11 ਰਿਜ਼ੋਰਟ ਨੂੰ ਸ਼ਨੀਵਾਰ ਨੂੰ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਮੁਤਾਬਕ ਬਾਕੀ ਦਸਤਾਵੇਜ਼ਾਂ ਦੀ ਪੜਤਾਲ ਚੱਲ ਰਹੀ ਹੈ। ਨੀਲਗਿਰੀ ਚ ਹਾਥੀਆਂ ਦੇ ਕਾਰੀਡੋਰ ਦੇ ਮਾਮਲੇ ਚ ਸੁਪਰੀਮ ਕੋਰਟ ਨੇ 9 ਅਗਸਤ ਨੂੰ ਤਾਮਿਲਨਾਡੂ ਸਰਕਾਰ ਨੂੰ 48 ਘੰਟਿਆਂ ਅੰਦਰ 27 ਹੋਟਲਾਂ ਅਤੇ ਰਿਜ਼ੋਰਟ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਸੀ।