ਇਸੇ ਵਰ੍ਹੇ 26 ਫ਼ਰਵਰੀ ਨੂੰ ਪਾਕਿਸਤਾਨ ’ਚ ਘੁਸ ਕੇ ਹਵਾਈ ਹਮਲਾ ਕਰਨ ਦੇ ਅਗਲੇ ਦਿਨ ਭਾਰਤੀ ਹਵਾਈ ਜਹਾਜ਼ ਨੇ ਆਪਣੇ ਹੀ ਇੱਕ ਹੈਲੀਕਾਪਟਰ ਨੂੰ ਹੇਠਾਂ ਸੁੱਟ ਕੇ ਤਬਾਹ ਕਰ ਦਿੱਤਾ ਸੀ। ਦਰਅਸਲ, ਭਾਰਤੀ ਹਵਾਈ ਫ਼ੌਜ ਨੇ ਉਸ ਹੈਲੀਕਾਟਰ ਨੂੰ ਗ਼ਲਤੀ ਨਾਲ ਪਾਕਿਸਤਾਨ ਦਾ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਹਵਾਈ ਜਹਾਜ਼ (UAV) ਸਮਝ ਲਿਆ ਸੀ।
ਉਸ ਤੋਂ ਇੱਕ ਦਿਨ ਪਹਿਲਾਂ ਹੀ ਹਵਾਈ ਫ਼ੌਜ ਨੇ ਗੁਜਰਾਤ ਦੇ ਕੱਛ ’ਚ ਪਾਕਿਸਤਾਨ ਦੇ ਇੱਕ UAV ਨੂੰ ਮਾਰ ਸੁੱਟਿਆ ਸੀ ਤੇ ਅਗਲੇ ਹੀ ਦਿਨ ਰਾਡਾਰ ’ਤੇ ਇੱਕ ਅਣਜਾਣ ਹਵਾਈ ਜਹਾਜ਼ ਦਿਸਣ ਦੀ ਖ਼ਬਰ ਆਈ ਸੀ। ਇਸੇ ਕਾਰਨ ਗ਼ਲਤੀ ਨਾਲ ਆਪਣਾ ਹੀ ਹੈਲੀਕਾਪਟਰ ਡੇਗ ਲਿਆ ਗਿਆ।
ਹਵਾਈ ਹਮਲੇ ਤੋਂ ਬਾਅਦ ਹੀ ਏਅਰ ਡਿਫ਼ੈਂਸ ਸਿਸਟਮ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। 27 ਫ਼ਰਵਰੀ ਨੂੰ ਪਾਕਿਸਤਾਨ ਦੇ ਲਗਭਗ ਦੋ ਦਰਜਨ ਜੰਗੀ ਹਵਾਈ ਜਹਾਜ਼ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਦੇ ਆਲੇ–ਦੁਆਲੇ ਦਿਸੇ ਸਨ। ਕੁਝ ਨੇ ਭਾਰਤੀ ਸਰਹੱਦ ਅੰਦਰ ਘੁਸ ਕੇ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਜਤਨ ਕੀਤੇ ਸਨ।
ਲਗਭਗ 10 ਵਜੇ ਦੇ ਨੇੜੇ–ਤੇੜੇ ਜਦੋਂ ਭਾਰਤ ਤੇ ਪਾਕਿਸਤਾਨੀ ਜੰਗੀ ਹਵਾਈ ਜਹਾਜ਼ ਆਪਸ ’ਚ ਜੂਝ ਰਹੇ ਸਨ, ਤਦ ਸ੍ਰੀਨਗਰ ਤੋਂ ਉਡਾਣ ਭਰਨ ਵਾਲੇ MI–17 ਹੈਲੀਕਾਪਟਰ ਨੂੰ 10 ਮਿੰਟਾਂ ਵਿੱਚ ਹੀ ਹਵਾਈ ਜਹਾਜ਼ ਨੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਸਪਾਈਡਰ ਮਿਸਾਇਲ ਦਾਗ਼ ਕੇ ਮਾਰ ਸੁੱਟਿਆ ਸੀ।
ਸੂਤਰਾਂ ਮੁਤਾਬਕ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਭਰਮ ਹੈਲੀਕਾਪਟਰ ਨੂੰ ਪਾਕਿਸਤਾਨੀ UAV ਸਮਝਣ ਕਾਰਨ ਹੋਇਆ। ਉਦੋਂ ਦੋਸਤ ਤੇ ਦੁਸ਼ਮਣ ਹਵਾਈ ਜਹਾਜ਼ ਦੀ ਸ਼ਨਾਖ਼ਤ ਕਰਨ ਵਾਲੀ ਪ੍ਰਣਾ਼ਲੀ ਹੈਲੀਕਾਪਟਰ ’ਚ ਜਾਂ ਤਾਂ ਬੰਦ ਸੀ ਤੇ ਜਾਂ ਫਿਰ ਉਹ ਕੰਮ ਨਹੀਂ ਕਰ ਰਹੀ ਸੀ; ਇਸੇ ਲਈ ਰਾਡਾਰ ’ਤੇ ਉਸ ਦੀ ਪਛਾਣ ਨਹੀਂ ਹੋ ਸਕੀ।
ਹੈਲੀਕਾਪਟਰ ਨੇ ਲਗਭਗ 10 ਵਜੇ ਆਮ ਮੁਹਿੰਮ ਅਧੀਨ ਉਡਾਣ ਭਰੀ ਸੀ ਪਰ ਇਸ ਨੂੰ ਥੋੜ੍ਹੀ ਦੇਰ ਵਿੱਚ ਹੀ ਵਾਪਸ ਸੱਦ ਲਿਆ ਗਿਆ। ਜਦੋਂ ਉਹ ਵਾਪਸ ਆਪਣੇ ਏਅਰਬੇਸ ਵੱਲ ਪਰਤ ਰਿਹਾ ਸੀ; ਤਦ ਇਸ ਉੱਤੇ ਮਿਸਾਇਲ ਦਾਗ਼ੀ ਗਈ ਸੀ। ਇਸ ਦਾ ਕਾਰਨ ਏਅਰ ਡਿਫ਼ੈਂਸ ਸਿਸਟਮ ਤੇ ਏਅਰ ਟ੍ਰੈਫ਼ਿਕ ਕੰਟਰੋਲ ਵਿਚਾਲੇ ਤਾਲਮੇਲ ਦੀ ਘਾਟ ਵੀ ਸੀ।