ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿ਼ਲ੍ਹੇ `ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੀ ਇਕ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ `ਚ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਪੁਲਿਸ ਅਨੁਸਾਰ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਸੁਰੱਖਿਆ ਬਲਾਂ ਨੇ ਪਿੰਡ ਹਾਜਿਨ ਪਯੀਨ ਨੂੰ ਘੇਰਾ ਪਾ ਲਿਆ।
ਪੁਲਵਾਮਾ ਦੇ ਹਾਜਨ ਪਾਯੀਨ ਰਾਜਪੋਰਾ ਖੇਤਰ `ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਇਕ ਗੁਪਤ ਸੂਚਨਾ ਮਿਲਣ ਦੇ ਬਾਅਦ ਰਾਸ਼ਟਰੀ ਰਾਈਫਰ, ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਸਤੇ ਅਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੇ ਸਵੇਰੇ ਇਸ ਖੇਤਰ `ਚ ਇਕ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਬਲ ਜਦੋਂ ਵਿਸ਼ੇਸ਼ ਖੇਤਰ ਵੱਲ ਵਧ ਰਹੇ ਸਨ ਤਾਂ ਲੁੱਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਇਸਦਾ ਕਰਾਰਾ ਜਵਾਬ ਦਿੱਤਾ। ਇਸ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ `ਚ ਚਾਰ ਅੱਤਵਾਦੀ ਮਾਰੇ ਗਏ।
ਸੂਤਰਾਂ ਨੇ ਦੱਸਿਆ ਕਿ ਸਥਾਨਕ ਵੱਲੋਂ ਮੁਕਾਬਲੇ ਵਾਲੀ ਥਾਂ `ਤੇ ਆ ਕੇ ਪ੍ਰਦਰਸ਼ਨ ਦੇ ਡਰ ਨੂੰ ਦੇਖਦੇ ਹੋਏ ਵਾਧੂ ਸੁਰੱਖਿਆ ਬਲਾਂ ਨੂੰ ਮੌਕੇ `ਤੇ ਤੈਨਾਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਫਵਾਹਾਂ ਨੂੰ ਫੈਲਾਉਣ ਤੋਂ ਰੋਕਣ ਲਈ ਪੁਲਵਾਮਾ `ਚ ਮੋਬਾਇਲ ਇੰਟਰਨੈਟ ਸੇਵਾ `ਤੇ ਰੋਕ ਲਗਾ ਦਿੱਤੀ ਗਈ ਹੈ।
ਉਧਰ ਸ਼ੁੱਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ `ਚ ਇਕ ਹੋਰ ਮੁਕਾਬਲਾ ਹੋਇਆ ਸੀ, ਜਿਸ `ਚ ਅੱਤਵਾਦੀ ਇਸ਼ਫਾਕ ਯੁਸੁਫ ਵਾਨੀ ਦੀ ਮੌਤ ਹੋ ਗਈ ਸੀ ਅਤੇ ਸ਼ੁੱਕਰਵਾਰ ਤੋਂ ਹੀ ਇੱਥੇ ਇੰਟਰਨੈਟ ਸੇਵਾ ਬੰਦ ਸੀ ਜਿਸ `ਤੇ ਅੱਜ ਵੀ ਰੋਕ ਲਗਾ ਦਿੱਤੀ ਹੈ।