ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਕਰ ਰਹੇ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀ ਤੇ ਧਰਨਾਕਾਰੀ ਅੱਜ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਣ ਲਈ ਜਾਣਗੇ। ਉਹ ਅੱਜ ਐਤਵਾਰ ਨੂੰ ਦੁਪਹਿਰ 2 ਵਜੇ ਸੜਕ ਨੰਬਰ 13–ਏ ਤੋਂ ਕ੍ਰਿਸ਼ਨ ਮੈਨਨ ਮਾਰਗ ਸਥਿਤ ਗ੍ਰਹਿ ਮੰਤਰੀ ਦੀ ਰਿਹਾਇਸ਼ਗਾਹ ਤੱਕ ਪੈਦਲ ਮਾਰਚ ਕਰਨਗੇ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਕਿਰਿਆ ਅਧੀਨ ਪ੍ਰਦਰਸ਼ਨਕਾਰੀ ਆਪਣੀ ਗੱਲ ਰੱਖਣ ਲਈ ਜੇ ਕੋਈ ਬੇਨਤੀ ਕਰਦੇ ਹਨ, ਤਾਂ ਸਰਕਾਰ ਦੇ ਨੁਮਾਇੰਦੇ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਉਂਝ ਭਾਵੇਂ, ਸ੍ਰੀ ਸ਼ਾਹ ਨਾਲ ਮੁਲਾਕਾਤ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਹੈ।
ਸਿੱਖ ਧਰਮ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ, ਵੱਖੋ–ਵੱਖਰੇ ਸ਼ਾਹੀ ਇਮਾਮਾਂ ਅਤੇ ਗੋਆ ਦੇ ਚਰਚ ਨੇ ਵੀ ਅਧਿਕਾਰਤ ਤੌਰ ਉੱਤੇ CAA ਅਤੇ NRC ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਮੁਸਲਿਮ ਸਮੂਹਾਂ ਨੂੰ ਆਪਣੀ ਹਮਾਇਤ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁਸਲਮਾਨਾਂ ਨੂੰ ਪੂਰਾ ਸਮਰਥਨ ਦਿੱਤਾ ਹੈ।
ਸ਼ਾਹੀਨ ਬਾਗ਼ ’ਚ 15 ਦਸੰਬਰ, 2019 ਭਾਵ ਲਗਭਗ ਦੋ ਮਹੀਨਿਆਂ ਤੋਂ ਲੋਕ ਨਾਗਰਿਕਤਾ ਸੋਧ ਕਾਨੂੰਨ, ਐੱਨਸੀਆਰ ਤੇ ਐੱਨਪੀਆਰ ਵਿਰੁੱਧ ਧਰਨੇ ’ਤੇ ਬੈਠੇ ਹਨ। ਇੱਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ (CAA) ਲੈ ਕੇ ਆਈ ਹੈ।
CAA ’ਚ ਗੁਆਂਢੀ ਦੇਸ਼ਾਂ ’ਚ ਤਸ਼ੱਦਦ ਝੱਲਣ ਵਾਲੇ ਗ਼ੈਰ–ਮੁਸਲਿਮ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਕਾ ਹੈ। ਇਸ ਕਾਨੂੰਨ ਵਿੱਚ ਕਿਉਂਕਿ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਇਸੇ ਲਈ ਦੇਸ਼ ਦੇ ਕਈ ਹਿੱਸਿਆਂ ’ਚ ਇਸ ਨਵੇਂ ਸੋਧ ਕਾਨੂੰਨ ਵਿਰੁੱਧ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਹਨ।