ਦਿੱਲੀ ਵਿਧਾਨ ਸਭਾ ਚੋਣਾਂ ਲੰਘ ਜਾਣ ਤੋਂ ਬਾਅਦ ਸ਼ਾਹੀਨ ਬਾਗ਼ ਦਾ ਮਸਲਾ ਹੁਣ ਛੇਤੀ ਸੁਲਝ ਸਕਦਾ ਹੈ। ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ ਮੰਗਿਆ ਹੈ।
ਆਸ ਹੈ ਕਿ ਐਤਵਾਰ ਨੂੰ ਸ੍ਰੀ ਅਮਿਤ ਸ਼ਾਹ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਮੁਤਾਬਕ ਦਿੱਲੀ ਸਭਾ ਚੋਣਾਂ ਤੋਂ ਬਾਅਦ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਹੁਣ ਇਸ ਨੂੰ ਹੋਰ ਲੰਮਾ ਖਿੱਚਣ ਦੇ ਰੌਂਅ ’ਚ ਨਹੀਂ ਹਨ।
ਹੁਣ ਇੱਥੇ ਪੁੱਜਣ ਵਾਲੀ ਭੀੜ ਕੁਝ ਘਟ ਗਈ ਹੈ। ਦਿਨ ਵੇਲੇ ਤਾਂ ਸ਼ਾਹੀਨ ਬਾਗ਼ ’ਚ ਸੰਨਾਟਾ ਹੀ ਪੱਸਰਿਆ ਰਹਿੰਦਾ ਹੈ; ਰਾਤ ਸਮੇਂ ਵੀ ਭੀੜ ਪਹਿਲਾਂ ਦੇ ਮੁਕਾਬਲੇ ਕੁਝ ਘੱਟ ਹੁੰਦੀ ਜਾ ਰਹੀ ਹੈ। ਸ਼ਾਇਦ ਅਜਿਹੇ ਕੁਝ ਕਾਰਨਾਂ ਕਰ ਕੇ ਹੀ ਧਰਨਾਕਾਰੀਆਂ ਨੇ ਹੁਣ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਮੰਗਿਆ ਹੈ।
ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਪਿਛਲੇ ਮਹੀਨੇ 22 ਜਨਵਰੀ ਨੂੰ ਦਿੱਲੀ ਦੇ ਉੱਪ–ਰਾਜਪਾਲ ਅਨਿਲ ਬੈਜਲ ਨੂੰ ਮਿਲੇ ਸਨ। ਉਸ ਵੇਲੇ ਲੈਫ਼ਟੀਨੈਂਟ ਜਨਰਲ ਅਨਿਲ ਬੈਜਲ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ।
ਉੱਪ–ਰਾਜਪਾਲ ਨੇ ਵਫ਼ਦ ਨੂੰ ਸਕੂਲੀ ਬੱਚਿਆਂ, ਮਰੀਜ਼ਾਂ ਤੇ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਸ਼ਾਹੀਨ ਬਾਗ਼ ਦਾ ਪ੍ਰਦਰਸ਼ਨ ਖ਼ਤਮ ਕਰਨ ਦਾ ਸੱਦਾ ਦਿੱਤਾ ਸੀ ਪਰ ਉਹ ਗੱਲਬਾਤ ਸਫ਼ਲ ਨਹੀਂ ਹੋ ਸਕੀ ਸੀ ਤੇ ਪ੍ਰਦਰਸ਼ਨ ਚੱਲਦਾ ਰਿਹਾ ਸੀ।