ਜਾਮੀਆ ਨਿਊ ਫ਼ਰੈਂਡਜ਼ ਕਾਲੋਨੀ ’ਚ ਵਾਪਰੀ ਹਿੰਸਾ ਦੇ ਮਾਮਲੇ ’ਚ ਦਿੱਲੀ ਦੀ ਸਾਕੇਤ ਅਦਾਲਤ ਨੇ ਅੱਜ ਸ਼ਰਜੀਲ ਇਮਾਮ ਨੂੰ 3 ਮਾਰਚ ਤੱਕ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਦਿੱਲੀ ਪੁਲਿਸ ਨੇ ਅੱਜ ਅਦਾਲਤ ’ਚ ਬੀਤੀ 15 ਦਸੰਬਰ ਨੂੰ ਜਾਮੀਆ–ਨਿਊ ਫ਼ਰੈਂਡਜ਼ ਕਾਲੋਨੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕਰਦਿਆਂ ਸ਼ਰਜੀਲ ਇਮਾਮ ਉੱਤੇ ਭੜਕਾਉਣ ਦਾ ਦੋਸ਼ ਲਾਇਆ ਹੈ।
ਦਿੱਲੀ ਪੁਲਿਸ ਨੇ 15 ਦਸੰਬਰ ਦੀ ਹਿੰਸਾ ਬਾਰੇ ਦਾਇਰ ਚਾਰਜਸ਼ੀਟ (ਦੋਸ਼–ਪੱਤਰ) ’ਚ ਕਿਹਾ ਹੈ ਕਿ ਸੀਸੀਟੀਵੀ, ਕਾੱਲ ਰਿਕਾਰਡ ਤੇ 100 ਤੋਂ ਵੱਧ ਗਵਾਹਾਂ ਦੇ ਬਿਆਨ ਸਬੂਤ ਵਜੋਂ ਨੱਥੀ ਕੀਤੇ ਗਏ ਹਨ।
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਸ਼ਰਜੀਲ ਇਮਾਮ ਨੂੰ ਬੁੱਧਵਾਰ 29 ਜਨਵਰੀ ਨੂੰ ਦੁਪਹਿਰ ਸਮੇਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵਾਪਸ ਦਿੱਲੀ ਲੈ ਆਈ ਸੀ। ਸ਼ਰਜੀਲ ਦੀ ਗ੍ਰਿਫ਼ਤਾਰੀ ’ਚ ਉਸ ਦੀ ਪ੍ਰੇਮਿਕਾ ਨੇ ਵੱਡੀ ਭੂਮਿਕਾ ਨਿਭਾਈ ਸੀ। ਬੀਤੀ 28 ਜਨਵਰੀ ਨੂੰ ਬਿਹਾਰ ’ਚ ਛਾਪੇਮਾਰੀ ਕਰਨ ਪੁੱਜੀ 5 ਮੈਂਬਰਾਂ ਦੀ ਪੁਲਿਸ ਟੀਮ ਨੂੰ ਜਾਂਚ ਦੌਰਾਨ ਸ਼ਰਜੀਲ ਤੇ ਉਸ ਦੀ ਪ੍ਰੇਮਿਕਾ ਦੇ ਸੰਪਰਕ ਵਿੱਚ ਹੋਣ ਦੀ ਗੱਲ ਪਤਾ ਚੱਲੀ ਸੀ; ਜਿਸ ਤੋਂ ਬਾਅਦ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਸੀ ਤੇ ਉਸ ਦੀ ਮਦਦ ਨਾਲ ਸ਼ਰਜੀਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਟੀਮ ਨੇ ਸ਼ਰਜੀਲ ਦੇ ਦੋਸਤ ਅਤੇ ਭਰਾ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਸ਼ਰਜੀਲ ਜ਼ਮੀਨਦੋਜ਼ (ਅੰਡਰਗ੍ਰਾਊਂਡ) ਹੋਣ ਤੋਂ ਬਾਅਦ ਕੇਵਲ ਆਪਣੀ ਪ੍ਰੇਮਿਕਾ ਦੇ ਸੰਪਰਕ ਵਿੱਚ ਸੀ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਉਸ ਦੀ ਪ੍ਰੇਮਿਕਾ ਨਾਲ ਸੰਪਰਕ ਕੀਤਾ ਸੀ।
ਸ਼ਰਜੀਲ ਦੀ ਪ੍ਰੇਮਿਕਾ ਨੇ ਉਸ ਨੂੰ ਫ਼ੋਨ ਕਰ ਕੇ ਮਲਿਕ ਟੋਲਾ ਪਿੰਡ ਕੋਲ ਇਮਾਮਬਾੜਾ ’ਚ ਮਿਲਣ ਲਈ ਸੱਦਿਆ ਸੀ। ਜਿੱਥੇ ਪੁਲਿਸ ਨੇ ਉਸ ਨੂੰ ਜਾਲ਼ ਵਿਛਾ ਕੇ ਗ੍ਰਿਫ਼ਤਾਰ ਕੀਤਾ ਸੀ। ਸ਼ਰਜੀਲ ਦੀ ਪ੍ਰੇਮਿਕਾ ਨੇ ਉਸ ਦੀ ਗ੍ਰਿਫ਼ਤਾਰੀ ਵਿੱਚ ਵੱਡੀ ਭੂਮਿਕਾ ਨਿਭਾਈ ਸੀ।
ਸ਼ਰਜੀਲ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁੱਜੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਦੀ ਟੀਮ ਦੇ ਮੈਂਬਰਾਂ ਦੀ ਬਿਹਾਰ ਪੁਲਿਸ ਨਾਲ ਝੜਪ ਵੀ ਹੋ ਗਈ ਸੀ। ਜਦੋਂ ਦਿੱਲੀ ਪੁਲਿਸ ਸ਼ਰਜੀਲ ਦੇ ਘਰ ਛਾਪੇਮਾਰੀ ਲਈ ਪੁੱਜੀ ਸੀ, ਤਾਂ ਸਥਾਨਕ ਪੁਲਿਸ ਉਸ ਦੇ ਨਾਲ ਨਹੀਂ ਸੀ। ਪਿੰਡ ਦੇ ਲੋਕਾਂ ਨੂੰ ਖ਼ਬਰ ਮਿਲਣ ’ਤੇ ਸਥਾਨਕ ਪੁਲਿਸ ਉੱਥੇ ਪੁੱਜੀ ਤੇ ਦਿੱਲੀ ਪੁਲਿਸ ਨਾਲ ਉਲਝ ਗਈ।
ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ਰਜੀਲ ਦੀ ਕਾਲ ਡਿਟੇਲ ਤੋਂ 450 ਸ਼ੱਕੀ ਨੰਬਰ ਮਿਲੇ ਸਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਨੰਬਰਾਂ ’ਚ ਜਾਮੀਆ, ਅਲੀਗੜ੍ਹ ਹਿੰਸਾ ਨਾਲ ਜੁੜੇ ਲੋਕ ਸ਼ਾਮਲ ਹੋ ਸਕਦੇ ਹਨ। ਇਸੇ ਲਈ ਪੁਲਿਸ ਨੇ ਇਨ੍ਹਾਂ ਸਾਰੇ ਨੰਬਰਾਂ ਨੂੰ ਜਾਂਚ ਦੇ ਘੇਰੇ ’ਚ ਰੱਖਿਆ ਹੈ। ਇਨ੍ਹਾਂ ਸਭਨਾਂ ਲੋਕਾਂ ਬਾਰੇ ਸ਼ਰਜੀਲ ਤੋਂ ਪੁੱਛਗਿੱਛ ਚੱਲੇਗੀ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਸ਼ਰਜੀਲ ਦੇ ਦੋਸਤਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਕਨੱਹੀਆ ਦੇ ਗੁੱਟ ਦਾ ਵਿਰੋਧੀ ਸੀ ਤੇ ਅਕਸਰ ਕਨਹੱਈਆ ਦੇ ਗੁੱਟ ਵੱਲੋਂ JNU ’ਚ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦਾ ਵਿਰੋਧ ਕਰਦਾ ਰਹਿੰਦਾ ਸੀ।