ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵਿਦੇਸ਼ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਬਣਨ ਤੋਂ ਨਾਂਹ ਕਰ ਦਿੱਤੀ ਹੈ। ਸੂਤਰਾਂ ਨੇ ਕੱਲ੍ਹ ਇਹ ਜਾਣਕਾਰੀ ਦਿੱਤੀ। ਪਿਛਲੀ ਲੋਕ ਸਭਾ ’ਚ ਸ੍ਰੀ ਥਰੂਰ ਇੱਕ ਕਮੇਟੀ ਦੇ ਮੁਖੀ ਸਨ।
ਸੂਤਰਾਂ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਸ੍ਰੀ ਥਰੂਰ ਨੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਲਈ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਦਾ ਸ਼ੁਕਰੀਆ ਅਦਾ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਕਮੇਟੀ ਦਾ ਮਹਿਜ਼ ਮੈਂਬਰ ਨਹੀਂ ਬਣਨਾ ਚਾਹੁੰਦੇ, ਜਿਸ ਦੇ ਪਹਿਲਾਂ ਉਹ ਮੁਖੀ ਰਹਿ ਚੁੱਕੇ ਹਨ।
ਸ੍ਰੀ ਬਿਰਲਾ ਨੇ ਪਿਛਲੇ ਮਹੀਨੇ ਸ੍ਰੀ ਥਰੂਰ ਨੂੰ ਵਿਦੇਸ਼ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਸੀ। ਕਮੇਟੀ ਦਾ ਮੁਖੀ ਨਿਯਕਤ ਕੀਤੇ ਜਾਣ ਤੋਂ ਬਾਅਦ ਸ੍ਰੀ ਥਰੂਰ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਵਿਰੋਧੀ ਮੈਂਬਰ ਨੂੰ ਕਮੇਟੀ ਦਾ ਮੁਖੀ ਬਣਾਉਣ ਦੀ ਪਿਰਤ ਖ਼ਤਮ ਕਰ ਦਿੱਤੀ ਹੈ।