ਕਾਂਗਰਸੀ ਆਗੂ ਸ਼ਸ਼ੀ ਥਰੂਰ ਕੋਲ ਸਦਾ ਇੱਕ ਉਪਕਰਣ ਰਹਿੰਦਾ ਹੈ; ਜਿਸ ਬਾਰੇ ਜਦੋਂ ਸੁਆਲ ਪੁੱਛਿਆ ਗਿਆ, ਤਾਂ ਉਸ ਬਹਾਨੇ ਉਨ੍ਹਾਂ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੂੰ ਘੇਰ ਲਿਆ। ਦਰਅਸਲ, ਇੱਕ ਨੌਜਵਾਨ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰ ਕੇ ਪੁੱਛ ਲਿਆ ਕਿ ਇਹ ਕੀ ਚੀਜ਼ ਹੈ; ਤਾਂ ਸ੍ਰੀ ਥਰੂਰ ਨੇ ਜਵਾਬ ਦਿੱਤਾ ਕਿ ਇਹ ਡਿਵਾਈਸ ਦਿੱਲੀ ਦੀ ਹਵਾ ਸਾਫ਼ ਕਰਨ ਦਾ ਕੰਮ ਕਰਦਾ ਹੈ।
ਸ੍ਰੀ ਥਰੂਰ ਨੇ ਲਿਖਿਆ ਕਿ ਦਰਅਸਲ, ਮੈਨੂੰ ਦੱਸਿਆ ਗਿਆ ਹੈ ਕਿ ਇਹ ਦਿੱਲੀ ਦੀ ਹਵਾਈ ਪੀਐੱਮ 2.5 ਮੌਲੀਕਿਊਲ ਨੂੰ ਨਿਊਟ੍ਰਲਾਈਜ਼ ਕਰਦਾ ਹੈ ਪਰ ਦਿੱਲੀ ਦੀ ਵੱਡੀ ਪਰੇਸ਼ਾਨੀ, ਜੋ ਇਸ ਤੋਂ ਵੀ ਵੱਧ ਖ਼ਤਰਨਾਕ ਹੈ; ਉਹ ਹੈ ਮਿਸਟਰ ਮੋਦੀ ਦਾ ਦੂਜਾ ਕਾਰਜਕਾਲ – ਪੀਐੱਮ 2.0 ਮੌਲੀਕਿਊਲ।
ਇੱਥੇ ਵਰਨਣਯੋਗ ਹੈ ਕਿ ਸਾਲ 2018 ’ਚ ਵੀ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਗ੍ਰਸਤ ਸ਼ਬਦਾਂ ਦੀ ਵਰਤੋਂ ਕੀਤੀ ਸੀ; ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਵੀ ਦਰਜ ਹੋਇਆ ਸੀ।
ਇਸ ਤੋਂ ਇਲਾਵਾ ਸ੍ਰੀ ਥਰੂਰ ਨੇ ਕਿਹਾ ਸੀ ਕਿ ਇੱਕ ਵਾਰ ਫਿਰ ਜਤੋਂ ਭਾਜਪਾ ਜਿੱਤਦੀ ਹੈ, ਤਾਂ ਉਹ ਸੰਵਿਧਾਨ ਨੂੰ ਦੋਬਾਰਾ ਲਿਖੇਗੀ ਤੇ ਹਿੰਦੂ ਪਾਕਿਸਤਾਨ ਦਾ ਨਿਰਮਾਣ ਕਰੇਗੀ।
ਤਦ ਕੋਲਕਾਤਾ ਦੀ ਅਦਾਲਤ ਨੇ ਥਰੁਰ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ। ਪਿੱਛੇ ਜਿਹੇ ਸ੍ਰੀ ਥਰੂਰ ਨੇ ਇੰਕ ਹੋਰ ਵਿਵਾਦਗ੍ਰਸਤ ਬਿਆਨ ’ਚ ਕਿਹਾ ਸੀ ਕਿ ‘PM ਮੋਦੀ ਸ਼ਿਵਲਿੰਗ ’ਤੇ ਚਿਪਕੇ ਬਿੱਛੂ ਵਾਂਗ ਹਨ; ਜਿਸ ਨੂੰ ਨਾ ਤਾਂ ਹਟਾਇਆ ਜਾ ਸਕਦਾ ਹੈ ਤੇ ਨਾ ਹੀ ਚੱਪਲ ਨਾਲ ਮਾਰਿਆ ਜਾ ਸਕਦਾ ਹੈ।’