ਸ੍ਰੀਨਗਰ ’ਚ ਨਜ਼ਰਬੰਦ ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੁਕ ਅਬਦੁੱਲ੍ਹਾ ਨੇ ਆਪਣੀ ਨਜ਼ਰਬੰਦੀ ’ਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਇੱਕ ਜਵਾਬੀ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਆਪਣੀ ਹਿਰਾਸਤ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕੋਈ ਅਪਰਾਧੀ ਨਹੀਂ ਹਨ।
ਫ਼ਾਰੂਕ ਅਬਦੁੱਲ੍ਹਾ ਨੇ ਸ਼ਸ਼ੀ ਥਰੁਰ ਨੂੰ ਜਿਹੜੀ ਚਿੱਠੀ ਅਕਤੂਬਰ ਮਹੀਨੇ ਲਿਖੀ ਸੀ, ਉਹ ਹੁਣ ਜਾ ਕੇ ਮਿਲੀ ਹੈ। ਸ੍ਰੀ ਫ਼ਾਰੂਕ ਅਬਦੁੱਲ੍ਹਾ ਨੇ ਕਿਹਾ ਹੈ ਕਿ ਇਸ ਪਿੱਛੇ ਉਸ ਮੈਜਿਸਟ੍ਰੇਟ ਦਾ ਹੱਥ ਹੈ, ਜੋ ਉਨ੍ਹਾਂ ਦੀ ਹਿਰਾਸਤ ਲਈ ਜ਼ਿੰਮੇਵਾਰ ਹੈ।
ਆਪਣੀ ਚਿੱਠੀ ’ਚ ਫ਼ਾਰੂਕ ਅਬਦੁੱਲ੍ਹਾ ਨੇ ਸ਼ਸ਼ੀ ਥਰੂਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਮੰਦਭਾਗ ਹੈ ਕਿ ਮੈਨੂੰ ਇੱਕ ਵੀ ਚਿੱਠੀ ਸਮੇਂ ਸਿਰ ਨਹੀਂ ਮਿਲ ਸਕੀ। ਇਹ ਕੋਈ ਤਰੀਕਾ ਨਹੀਂ ਹੈ ਕਿਸੇ ਸੰਸਦ ਮੈਂਬਰ ਜਾਂ ਸਿਆਸੀ ਪਾਰਟੀ ਦੇ ਆਗੂ ਨਾਲ ਪੇਸ਼ ਆਉਣ ਦਾ। ਅਸੀਂ ਕੋਈ ਅਪਰਾਧੀ ਨਹੀਂ ਹੈ।
ਸ਼ਸ਼ੀ ਥਰੂਰ ਨੇ ਆਪਣੇ ਬਲੌਗ ਉੱਤੇ ਇਹ ਚਿੱਠੀ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਫ਼ਾਰੂਕ ਅਬਦੁੱਲ੍ਹਾ ਨੂੰ ਸੰਸਦ ਦੇ ਸੈਸ਼ਨ ਵਿੱਚ ਭਾਗ ਲੈਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਲੋਕਤੰਤਰ ਲਈ ਇਹ ਬਹੁਤ ਜ਼ਰੂਰੀ ਹੈ।
ਸ਼ਸ਼ੀ ਥਰੂਰ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ – ‘ਸੰਸਦ ਦੇ ਮੈਂਬਰ ਨੂੰ ਸੰਸਦੀ ਸੈਸ਼ਨ ਵਿੱਚ ਭਾਗ ਲੈਣ ਦੀ ਇਜਾਜ਼ਤ ਮਿਲਣੀ ਹੀ ਚਾਹੀਦੀ ਹੈ। ਇਹ ਉਨ੍ਹਾਂ ਦਾ ਸੰਸਦੀ ਅਧਿਕਾਰ ਹੈ। ਨਹੀਂ ਤਾਂ ਹਿਰਾਸਤ ’ਚ ਲੈਣ ਦੇ ਅਧਿਕਾਰ ਕਾਰਨ ਵਿਰੋਧੀਆਂ ਦੀ ਆਵਾਜ਼ ਦਬਾਉਣ ਦਾ ਮੌਕਾ ਸਰਕਾਰ ਨੂੰ ਮਿਲਦਾ ਰਹੇਗਾ।’
ਸ੍ਰੀ ਥਰੂਰ ਨੇ ਕਿਹਾ ਕਿ ਸੰਸਦ ਦੀ ਕਾਰਵਾਈ ’ਚ ਸ੍ਰੀ ਫ਼ਾਰੂਕ ਅਬਦੁੱਲ੍ਹਾ ਦਾ ਭਾਗ ਲੈਣਾ ਲੋਕਤੰਤਰ ਲਈ ਜ਼ਰੂਰੀ ਹੈ। ਚੇਤੇ ਰਹੇ ਕਿ ਫ਼ਾਰੂਕ ਅਬਦੁੱਲ੍ਹਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀਐੱਮਕੇ ਦੇ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਸਾਹਵੇਂ ਬੀਤੀ 29 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ।