ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਭਾਰਤ ਦੇ ਉੱਘੇ ਪੱਤਰਕਾਰ ਰਵਿਸ਼ ਕੁਮਾਰ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਹੈ। ਅੱਜ ਸ੍ਰੀ ਰਵਿਸ਼ ਕੁਮਾਰ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਲਈ ਇੱਕ ਤੋਂ ਬਾਅਦ ਇਕੱਠੇ ਚਾਰ ਟਵੀਟ ਕੀਤੇ। ਉਨ੍ਹਾਂ ਆਪਣੇ ਇਹ ਵਿਚਾਰ ਰਵਿਸ਼ ਕੁਮਾਰ ਨੂੰ ਮਿਲੇ ਰਮਨ ਮੈਗਸੇਸੇ ਪੁਰਸਕਾਰ ਦੇ ਸੰਦਰਭ ਵਿੱਚ ਦਿੱਤੇ।
ਬਾਲੀਵੁੱਡ ਦੇ ਅਦਾਕਾਰ ਤੋਂ ਸਿਆਸੀ ਆਗੂ ਬਣੇ ਸ਼ਤਰੂਘਨ ਸਿਨਹਾ ਨੇ ਆਖਿਆ ਕਿ ਰਵਿਸ਼ ਕੁਮਾਰ ਇੱਕ ਸੱਚੇ ਅਧਿਆਪਕ ਤੇ ਆਦਰਸ਼ ਵਿਅਕਤੀ ਹਨ ਤੇ ਉਨ੍ਹਾਂ ਸਾਡਾ ਸਭਨਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਵਿਦੇਸ਼ ਵਿੱਚ ਵੀ ਜਾ ਕੇ ਹਰੇਕ ਨੂੰ ‘ਨਮਸਕਾਰ’ ਕੀਤਾ ਹੈ ਅਤੇ ਆਪਣੀ ਪਤਨੀ ਨਯਨਾ ਦਾਸਗੁਪਤਾ, ਆਪਣੀਆਂ ਦੋ ਪਿਆਰੀਆਂ ਧੀਆਂ ਤੇ ਆਪਣੇ ਬਚਪਨ ਦੇ ਦੋਸਤ ਅਨੁਰਾਗ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ।
ਸ਼ਤਰੂਘਨ ਸਿਨਹਾ ਨੇ ਆਪਣੇ ਦੂਜੇ ਟਵੀਟ ਵਿੱਚ ਕਿਹਾ ਕਿ ਰਵਿਸ਼ ਕੁਮਾਰ ਨੇ ਸਦਾ ਨਿਧੜਕ ਤੇ ਧੜੱਲੇਦਾਰ ਪੱਤਰਕਾਰੀ ਕੀਤੀ ਹੈ ਤੇ ਉਹ ਸੱਚੇ ਪੱਤਰਕਾਰ ਹਨ। ਉਨ੍ਹਾਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਜਾਣੀ ਬਣਦੀ ਹੈ। ਉਹ ਆਪਣੀ ਗੱਲ ਸਦਾ ਬਹੁਤ ਹੌਸਲੇ ਤੇ ਦ੍ਰਿੜ੍ਹਤਾ ਨਾਲ ਆਮ ਜਨਤਾ ਸਾਹਵੇਂ ਰੱਖਦੇ ਰਹੇ ਹਨ।
ਸ਼ਤਰੂਘਨ ਸਿਨਹਾ ਨੇ ਇਸ ਗੱਲ ਉੱਤੇ ਨਿਰਾਸ਼ਾ ਵੀ ਪ੍ਰਗਟਾਈ ਕਿ ਮੀਡੀਆ ਦੇ ਕਿਸੇ ਵੀ ਹੋਰ ਸਾਥੀ ਨੇ ਰਵਿਸ਼ ਕੁਮਾਰ ਨੂੰ ਵਧਾਈ ਦੇ ਕੇ ਉਨ੍ਹਾਂ ਦਾ ਹੌਸਲਾ ਨਹੀਂ ਵਧਾਇਆ।
ਤੀਜੇ ਟਵੀਟ ਵਿੱਚ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਰਵਿਸ਼ ਕੁਮਾਰ ਨੂੰ ਆਪਣੇ ਹੀ ਦੇਸ਼ ਵਿੱਚ ਮੀਡੀਆ ਕੋਈ ਕਵਰੇਜ ਨਹੀਂ ਦੇ ਰਿਹਾ, ਇਹ ਕਿੰਨੀ ਭੈੜੀ ਗੱਲ ਹੈ। ਸਾਡੇ ਸਰਕਾਰੀ ਅਧਿਕਾਰੀ ਤੇ ਸਾਡੀ ਲੀਡਰਸ਼ਿਪ ਕਿੱਥੇ ਹੈ? ਰਵਿਸ਼ ਕੁਮਾਰ ਜਿਹੀ ਇੱਕ ਸੱਚੀ ਰਾਸ਼ਟਰਵਾਦੀ ਤੇ ਜਮਹੂਰੀ ਸ਼ਖ਼ਸੀਅਤ ਨੂੰ ਅੱਖੋਂ ਪ੍ਰੋਖੇ ਕੀਤਾ ਜਾ ਰਿਹਾ ਹੈ। ਕੀ ਕੋਈ ਇੰਝ ਕਰਦਾ ਹੈ?
ਸ਼ਤਰੂਘਨ ਸਿਨਹਾ ਨੇ ਰਵਿਸ਼ ਕੁਮਾਰ ਵੱਲੋਂ ਫ਼ਿਲੀਪੀਨਜ਼ ’ਚ ਰਮਨ ਮੈਗਸੇਸੇ ਪੁਰਸਕਾਰ ਦਿੱਤੇ ਜਾਣ ਸਮੇਂ ਆਪਣਾ ਭਾਸ਼ਣ ‘ਜੈ ਹਿੰਦ’ ਨਾਲ ਖ਼ਤਮ ਕੀਤੇ ਜਾਣ ਦੀ ਵੀ ਬਹੁਤ ਸ਼ਲਾਘਾ ਕੀਤੀ ਤੇ ਉਨ੍ਹਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ।