ਤਿੰਨ ਵਾਰ ਭਾਰਤ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਕਾਂਗਰਸੀ ਆਗੂ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਾਮੀਂ ਨਿਗਮਬੋਧ ਘਾਟ ’ਤੇ ਕਰ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਤੇ ਕਾਂਗਰਸ ਪਾਰਟੀ ਦੇ ਕਾਰਕੁੰਨ ਮੌਜੂਦ ਸਨ। ਬਹੁਤ ਸਾਰੇ ਆਗੂਆਂ ਨੇ ਵਿੱਛਡੀ ਰੂਹ ਨੂੰ ਸ਼ਮਸ਼ਾਨਘਾਟ ਵਿੱਚ ਵੀ ਅੰਤਿਮ ਸ਼ਰਧਾਂਜਲੀਆਂ ਦਿੱਤੀਆਂ।
ਇਸ ਲਈ ਕਾਂਗਰਸ ਪਾਰਟੀ ਨੇ ਦੁਪਹਿਰੇ 12 ਵਜੇ ਹੀ ਬਾਕਾਇਦਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।
ਸ੍ਰੀਮਤੀ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਇੱਕ ਵਿਸ਼ੇਸ਼ ਖੁੱਲ੍ਹੀ ਜੀਪ ਰਾਹੀਂ ਕਾਂਗਰਸ ਹੈੱਡਕੁਆਰਟਰਜ਼ ਲਿਜਾਂਦਾ ਗਿਆ; ਜਿੱਥੋਂ ਉਸ ਨੂੰ ਸ਼ਮਸ਼ਾਨਘਾਟ ਲਿਜਾਂਦਾ ਗਿਆ; ਉੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
81 ਸਾਲਾ ਸ੍ਰੀਮਤੀ ਦੀਕਸ਼ਿਤ ਦਾ ਦੇਹਾਂਤ ਕੱਲ੍ਹ ਸਨਿੱਚਰਵਾਰ ਨੂੰ ਬਾਅਦ ਦੁਪਹਿਰ 3:55 ਵਜੇ ਹੋ ਗਿਆ ਸੀ। ਉਸ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸੀਨੇ ’ਚ ਦਰਦ ਹੋਇਆ ਸੀ ਤੇ ਜਕੜਨ ਜਿਹੀ ਮਹਿਸੂਸ ਹੋਈ ਸੀ; ਜਿਸ ਕਾਰਨ ਉਨ੍ਹਾਂ ਨੂੰ ਫ਼ੋਰਟਿਸ–ਐਸਕਾਰਟਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਅੱਜ ਐਤਵਾਰ ਸਵੇਰੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੇ ਨਿਜ਼ਾਮੁੱਦੀਨ ਸਥਿਤ ਉਨ੍ਹਾਂ ਦੇ ਘਰ ਪੁੱਜ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਤੋਂ ਪਹਿਲਾਂ ਕਾਂਗਰਸ ਦੇ ਸਰਪ੍ਰਸਤ ਸੋਨੀਆ ਗਾਂਧੀ ਵੀ ਸ੍ਰੀਮਤੀ ਦੀਕਸ਼ਿਤ ਦੀ ਰਿਹਾਇਸ਼ਗਾਹ ਪੁੱਜੇ ਸਨ। ਦਿੱਲੀ ਤੇ ਦੇਸ਼ ਦੇ ਹੋਰ ਵੀ ਬਹੁਤ ਸਾਰੇ ਆਗੂ ਤੇ ਹੋਰ ਹਸਤੀਆਂ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀਆਂ ਦੇਣ ਲਈ ਪੁੱਜ ਰਹੇ ਹਨ।
ਕੇਂਦਰੀ ਮੰਤਰੀ ਵਿਜੇ ਗੋਇਲ ਵੀ ਅੱਜ ਸਵੇਰੇ ਸ੍ਰੀਮਤੀ ਦੀਕਸ਼ਿਤ ਦੇ ਘਰ ਪੁੱਜੇ ਤੇ ਸੋਕਗ੍ਰਸਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਸ੍ਰੀਮਤੀ ਦੀਕਸ਼ਿਤ ਦੇ ਦੇਹਾਂਤ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ–ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਸੋਗ ਪ੍ਰਗਟਾਇਆ ਹੈ।