ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੂੰ ਆਪਣੀ ਜਵਾਨੀ ਵੇਲੇ ਤੋਂ ਹੀ ਪੱਛਮੀ ਸੰਗੀਤ ਬਹੁਤ ਪਸੰਦ ਸੀ ਪਰ ਫਿਰ ਵੀ ਉਹ ਰੇਡੀਓ ਉੱਤੇ ਭਾਰਤੀ ਫ਼ਿਲਮੀ ਗੀਤ ਵੀ ਬਹੁਤ ਚਾਅ ਨਾਲ ਸੁਣਦੇ ਸਨ।
ਕੱਲ੍ਹ ਦੁਪਹਿਰ ਸਮੇਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸ੍ਰੀਮਤੀ ਸ਼ੀਲਾ ਨੂੰ ਵੱਖੋ–ਵੱਖਰੀ ਕਿਸਮ ਦੀਆਂ ਜੁੱਤੀਆਂ ਇਕੱਠੀਆਂ ਕਰਨ ਦਾ ਵੀ ਬਹੁਤ ਸ਼ੌਕ ਸੀ।
ਸ਼ੀਲਾ ਦੀਕਸ਼ਿਤ ਹੁਰਾਂ ਨੇ ਸਿਨੇਮਾ–ਘਰ ਵਿੱਚ ਜਾ ਕੇ ਪਹਿਲੀ ਫ਼ਿਲਮ ‘ਹੈਮਲੈਟ’ ਵੇਖੀ ਸੀ; ਜੋ ਬਲੈਕ ਐਂਡ ਵ੍ਹਾਈਟ ਸੀ। ਬਾਲੀਵੁੱਡ ’ਚ ਬਣਨ ਵਾਲੀਆਂ ਭਾਰਤੀ ਫ਼ਿਲਮਾਂ ਦੇ ਵੀ ਉਹ ਕਾਫ਼ੀ ਸ਼ੌਕੀਨ ਸਨ।
ਆਪਣੇ ਅੰਤਾਂ ਦੇ ਸਿਆਸੀ ਰੁਝੇਵਿਆਂ ਦੇ ਬਾਵਜੂਦ ਉਨ੍ਹਾਂ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ 20 ਵਾਰ ਵੇਖੀ ਸੀ। ਇਹ ਗੱਲ ਖ਼ੁਦ ਸ੍ਰੀਮਤੀ ਦੀਕਸ਼ਿਤ ਨੇ ਆਪਣੀ ਸਵੈ–ਜੀਵਨੀ ‘ਸਿਟੀਜ਼ਨ ਦਿੱਲੀ: ਮਾਇ ਟਾਈਮਜ਼, ਮਾਇ ਲਾਈਫ਼’ (ਨਾਗਰਿਕ ਦਿੱਲੀ: ਮੇਰੇ ਸਮੇਂ, ਮੇਰੀ ਜ਼ਿੰਦਗੀ) ਨੇ ਬਿਆਨ ਕੀਤੀ ਹੈ।
ਸ੍ਰੀਮਤੀ ਦੀਕਸ਼ਿਤ ਦੀ ਇਹ ਸਵੈ–ਜੀਵਨੀ ਹਾਲੇ ਪਿਛਲੇ ਵਰ੍ਹੇ ਹੀ ਪ੍ਰਕਾਸ਼ਿਤ ਹੋਈ ਸੀ। ਉਸੇ ਵਿੱਚ ਉਹ ਦੱਸਦੇ ਹਨ ਕਿ ਉਹ ਆਪਣੇ ਰੁਝੇਵਿਆਂ ਦੇ ਬਾਵਜੂਦ ਕੁਝ ਸਮਾਂ ਰੇਡੀਓ ਤੇ ਟੀਵੀ ਵੇਖਣ ਲਈ ਜ਼ਰੂਰ ਕਢਦੇ ਸਨ।
ਕੁਝ ਸਮੇਂ ਬਾਅਦ ਉਹ ਕਦੀ–ਕਦਾਈਂ ਫ਼ਿਲਮਾਂ ਵੀ ਵੇਖ ਲੈਂਦੇ ਸਨ। ਗੀਤ ਸੁਣਨ ਦਾ ਉਨ੍ਹਾਂ ਨੂੰ ਖ਼ਾਸ ਸ਼ੌਕ ਸੀ।