ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ ’ਚ 'ਭੂਤਾਂ–ਚੁੜੇਲਾਂ ਦਾ ਅੱਡਾ' ਹੁਣ ਬਣਨ ਲੱਗਾ ਬੱਚਿਆਂ ਦਾ ਪਾਰਕ

ਸ਼ਿਮਲਾ ’ਚ 'ਭੂਤਾਂ–ਚੁੜੇਲਾਂ ਦਾ ਅੱਡਾ' ਹੁਣ ਬਣਨ ਲੱਗਾ ਬੱਚਿਆਂ ਦਾ ਪਾਰਕ

ਸ਼ਿਮਲਾ ’ਚ ਕਿਸੇ ਵੇਲੇ ਭੂਤਾਂ ਤੇ ਚੁੜੇਲਾਂ ਦਾ ਅੱਡਾ ਸਮਝੀ ਜਾਣ ਵਾਲੀ ਥਾਂ ਨੂੰ ਹੁਣ ਸ਼ਿਮਲਾ ਨਗਰ ਨਿਗਮ ਬੱਚਿਆਂ ਦੇ ਪਾਰਕ ਵਜੋਂ ਵਿਕਸਤ ਕਰ ਰਿਹਾ ਹੈ। ਮਾੱਲ ਰੋਡ ਤੋਂ ਦੋ ਕਿਲੋਮੀਟਰ ਦੂਰ ਜੰਗਲੀ ਇਲਾਕੇ ਵਿੱਚ ਸਥਿਤ ਇਸ ਥਾਂ ਨੂੰ ਹੁਣ ਤੱਕ ‘ਚੁੜੇਲ ਬਾਓੜੀ’ ਆਖਿਆ ਜਾਂਦਾ ਰਿਹਾ ਹੈ।

 

 

ਬਾਓੜੀ ਦਰਅਸਲ ਇੱਕ ਕੁਦਰਤੀ ਸੋਤਾ ਜਾਂ ਚਸ਼ਮਾ ਹੁੰਦਾ ਹੈ, ਜਿੱਥੋਂ 24 ਘੰਟੇ ਧਰਤੀ ਅੰਦਰੋਂ ਸਾਫ਼ ਪਾਣੀ ਨਿੱਕਲਦਾ ਰਹਿੰਦਾ ਹੈ। ਇਸ ਥਾਂ ਤੋਂ ਬਹੁਤ ਸਾਰੇ ਲੋਕ ਡਰਦੇ ਰਹੇ ਹਨ। ਮੀਨਾਕਸ਼ੀ ਚੌਧਰੀ ਨੇ ਆਪਣੀਆਂ ਡਰਾਉਣੀਆਂ ਕਹਾਣੀਆਂ ਵਿੱਚ ਇਸ ਜਗ੍ਹਾ ਦਾ ਬਹੁਤ ਵਾਰ ਜ਼ਿਕਰ ਕੀਤਾ ਹੈ।

 

 

ਕੁਝ ਪੈਸੇ ਕਮਾਉਣ ਲਈ ਬੱਚਿਆਂ ਨੂੰ ਡਰਾਉਣ ਲਈ ਲਿਖੀਆਂ ਜਾਣ ਵਾਲੀਆਂ ਇਨ੍ਹਾਂ ਕਹਾਣੀਆਂ ਦੀ ਹੁਣ ਕੋਈ ਵੁੱਕਤ ਬਾਕੀ ਨਹੀਂ ਰਹੀ। ਸ਼ਿਮਲਾ ਨਗਰ ਨਿਗਮ ਉੱਤੇ ਪਿਛਲੇ ਕਾਫ਼ੀ ਸਮੇਂ ਤੋਂ ਦਬਾਅ ਪੈ ਰਿਹਾ ਸੀ ਕਿ 800 ਵਰਗ ਮੀਟਰ ਦੀ ਇਸ ਥਾਂ ਨੂੰ ਕਿਸੇ ਵਧੀਆ ਜਨਤਕ ਥਾਂ ਵਜੋਂ ਵਿਕਸਤ ਕੀਤਾ ਜਾਵੇ।

 

 

ਸ਼ਿਮਲਾ ਵਿੱਚ ਭੂਤਾਂ–ਪ੍ਰੇਤਾਂ ਦੇ ਅਜਿਹੇ ਕੁੱਲ 10 ਕੁ ਅੱਡੇ ਹਨ। ਉਨ੍ਹਾਂ ਸਭਨਾਂ ਨੂੰ ਹੁਣ ਜਨਤਕ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਕੋਈ ਅਜਿਹੇ ਵਹਿਮਾਂ–ਭਰਮਾਂ ਤੇ ਭੂਤਾਂ–ਚੁੜੇਲਾਂ ਵਿੱਚ ਵਿਸ਼ਵਾਸ ਨਹੀਂ ਕਰਦਾ।

 

 

ਚੁੜੇਲ ਬਾਓੜੀ ਵਿੱਚ ਹੁਣ ਸਭ ਤੋਂ ਪਹਿਲਾਂ 6 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਲਈ ਖੇਡਣ ਦਾ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਬਾਓੜੀ ਦੇ ਲਾਗਿਓਂ ਲੰਘਦੀ ਸੜਕ ਛੋਟਾ ਸ਼ਿਮਲਾ ਤੇ ਨਵਬਹਾਰ ਇਲਾਕਿਆਂ ਨੂੰ ਜੋੜਦੀ ਹੈ। ਇਹ ਜਗ੍ਹਾ ਸੇਂਟ ਬੇਡੇ’ਜ਼ ਕਾਲਜ ਦੇ ਬਿਲਕੁਲ ਨੇੜੇ ਹੈ। ਇਸ ਜਗ੍ਹਾ ਨੂੰ ਪਾਰਕ ਬਣਾਉਣ ਲਈ ਪਹਿਲਾਂ ਇਸ ਉੱਤੇ 18 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ।

 

 

ਅੰਗਰੇਜ਼ਾਂ ਦੀ ਹਕੂਮਤ ਵੇਲੇ ਤੋਂ ਹੀ ਲੋਕ ਇਸ ਇਲਾਕੇ ਵਿੱਚ ਜਾਣ ਤੋਂ ਡਰਦੇ ਰਹੇ ਸਨ। ਐਂਵੇਂ ਇੱਕ ਬੇਬੁਨਿਆਦ ਮਾਨਤਾ ਵੀ ਬਣੀ ਰਹੀ ਹੈ ਕਿ ਇਸ ਇਲਾਕੇ ਵਿੱਚੋਂ ਲੰਘਣ ਵਾਲੇ ਬਹੁਤੇ ਵਾਹਨ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਇੱਥੇ ਅਕਸਰ ਚਿੱਟੀ ਸਾੜ੍ਹੀ ਵਾਲੀ ਇੱਕ ਔਰਤ ਵੇਖੀ ਗਈ ਹੈ; ਜੋ ਵਾਹਨਾਂ ਵਿੱਚ ਚੜ੍ਹਨ ਲਈ ਲਿਫ਼ਟ ਮੰਗਦੀ ਹੈ।

 

 

ਪਰ ਅਸਲ ਵਿੱਚ ਇੱਥੇ ਪੇਚਦਾਰ ਪਹਾੜੀ ਸੜਕਾਂ ਵੱਧ ਹੋਣ ਕਾਰਨ ਇੱਥੇ ਹਾਦਸੇ ਹੋਣਾ ਸੁਭਾਵਕ ਹੈ ਤੇ ਇਨ੍ਹਾਂ ਪਿੱਛੇ ਕਦੇ ਕਿਸੇ ਭੂਤ ਜਾਂ ਚੁੜੇਲ ਦਾ ਹੱਥ ਨਹੀਂ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shimla s haunted place being turned into Children Park