ਕੇਂਦਰੀ ਫ਼ੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ `ਤੇ ਤਿੱਖੇ ਹਮਲੇ ਕੀਤੇ। ਇਹ ਹਮਲੇ ਕਰਨ ਲਈ ਬੀਬੀ ਬਾਦਲ ਨੇ ਸ੍ਰੀ ਸਿੱਧੂ ਵੱਲੋਂ ਪਿਛਲੇ ਕੁਝ ਸਮੇਂ ਤੋਂ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਨੂੰ ਆਧਾਰ ਬਣਾਇਆ, ਜਿਨ੍ਹਾਂ ਮੁਤਾਬਕ ਪਾਕਿਸਤਾਨ ਹੁਣ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਚਾਹਵਾਨ ਹੈ।
ਬੀਬੀ ਬਾਦਲ ਨੇ ਸ੍ਰੀ ਨਵਜੋਤ ਸਿੱਧੂ `ਤੇ ਹਮਲਾ ਕਰਨ ਦਾ ਆਧਾਰ ਅੱਜ ਹੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਉਸ ਸਪੱਸ਼ਟੀਕਰਨ ਨੂੰ ਵੀ ਬਣਾਇਆ ਹੈ, ਜਿਸ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਕਾਇਮ ਕਰਨ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ। ਚੇਤੇ ਰਹੇ ਕਿ ਇਹ ਲਾਂਘਾ ਖੋਲ੍ਹਣ ਦਾ ਮੁੱਦਾ ਚਿਰੋਕਣਾ ਹੈ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨਿਰੰਤਰ ਇਸ ਨੂੰ ਉਠਾਉਂਦੀਆਂ ਰਹੀਆਂ ਹਨ।
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਮਹੀਨੇ ਪਾਕਿਸਤਾਨ ਤੋਂ ਪਰਤ ਕੇ ਇਹ ਦਾਅਵਾ ਕੀਤਾ ਸੀ ਕਿ ਉੱਥੋਂ ਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹ ਦੇਵੇਗਾ। ਇਸ ਨਾਲ ਸਬੰਧਤ ਜਸ਼ਨ ਆਉਂਦੀ 10 ਨਵੰਬਰ ਤੋਂ ਸ਼ੁਰੂ ਹੋ ਰਹੇ ਹਨ, ਜੋ ਪੂਰਾ ਇੱਕ ਵਰ੍ਹਾ ਜਾਰੀ ਰਹਿਣਗੇ।
ਅੱਜ ਨਵੀਂ ਦਿੱਲੀ `ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ,‘ਪੰਜਾਬ ਸਰਕਾਰ ਦੇ ਇਸ ਮੰਤਰੀ (ਨਵਜੋਤ ਸਿੱਧੂ) ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਸਰਹੱਦ `ਤੇ ਤਾਇਨਾਤ ਲੱਖਾਂ ਭਾਰਤੀ ਫ਼ੌਜੀ ਜਵਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹ ਦੋਸਤੀ ਨੂੰ ਦੇਸ਼ ਨਾਲੋਂ ਵੱਧ ਅਹਿਮੀਅਤ ਦੇ ਰਿਹਾ ਹੈ। ਸਾਡੀ ਜਨਤਾ ਉਸ ਮੰਤਰੀ ਦੀ ਅਜਿਹੀਆਂ ਗਤੀਵਿਧੀਆਂ ਤੋਂ ਰੋਹ `ਚ ਹਨ। ਜਦੋਂ ਉਹ ਭਾਰਤ ਪਰਤਿਆ ਸੀ, ਤਦ ਉਸ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਸਨ। ਹਰ ਕੋਈ ਗੁੱਸੇ ਸੀ ਕਿ ਉਹ ਮੰਤਰੀ ਉੱਥੇ ਗਿਆ ਤੇ ਉਸ ਵਿਅਕਤੀ ਨਾਲ ਜੱਫੀ ਪਾਈ, ਜਿਸ ਨੇ ਸਾਡੇ ਲੋਕਾਂ ਨੂੰ ਮਾਰਿਆ।`
ਬੀਬੀ ਬਾਦਲ ਨੇ ਅੱਗੇ ਕਿਹਾ,‘ਮਾਫ਼ੀ ਮੰਗਣ ਦੀ ਥਾਂ ਉਹ ਮੰਤਰੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ। ਉਸ ਨੇ ਆਪਣੀ ਸਫ਼ਾਈ ਵਿੱਚ ਇਹ ਦੱਸਿਆ ਕਿ ਉਸ ਨੇ ਪਾਕਿਸਤਾਨੀ ਫ਼ੌਜੀ ਜਰਨੈਲ ਨੁੰ ਇਸ ਲਈ ਜੱਫੀ ਪਾਈ ਸੀ ਕਿਉਂਕਿ ਉਸ ਨੇ ਭਰੋਸਾ ਦਿਵਾਇਆ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਜਾਵੇਗਾ।`
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਸ ਮੰਤਰੀ ਦੇ ਦਾਅਵਿਆਂ ਦਾ ਕਿਤੇ ਕੋਈ ਸਬੂਤ ਨਹੀਂ ਹੈ। ‘ਉਸ ਮੰਤਰੀ ਦੇ ਦਾਅਵਿਆਂ ਨਾਲ ਸਿੱਖ ਕੌਮ ਨੂੰ ਵੱਡੀ ਰਾਹਤ ਮਿਲੀ ਸੀ ਕਿਉਂਕਿ ਇਸ ਲਾਂਘੇ ਦੀ ਮੰਗ ਚਿਰੋਕਣੀ ਹੈ। ਹਰੇਕ ਨੇ ਤਦ ਇਹ ਭੁਲਾ ਦਿੱਤਾ ਸੀ ਕਿ ਉਹ ਇੱਕ ਦੁਸ਼ਮਣ ਦੇਸ਼ `ਚ ਗਿਆ ਸੀ। ਕਈ ਹਫ਼ਤੇ ਬੀਤੇ ਗਏ ਹਨ ਪਰ ਕਾਂਗਰਸ ਦਾ ਇਹ ਮੰਤਰੀ ਆਪਣੀ ਗੱਲਾਂ ਦੇ ਹੱਕ ਵਿੱਚ ਇੱਕ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ।`
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਹੁਣ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ। ‘ਸੁਸ਼ਮਾ ਸਵਰਾਜ ਜੀ ਨੇ ਮੈਨੂੰ ਜਵਾਬ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਇਸ ਮਾਮਲੇ `ਚ ਹਾਲੇ ਤੱਕ ਕੋਈ ਚਿੱਠੀ-ਪੱਤਰੀ ਨਹੀਂ ਭੇਜੀ ਹੈ।`
ਫਿਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਬੋਧਨ ਹੁੰਦਿਆਂ ਸੁਆਲ ਕੀਤੇ,‘ਕੀ ਪੰਜਾਬ ਦੇ ਉਸ ਮੰਤਰੀ ਨੂੰ ਅਜਿਹੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਸੀ? ਕੀ ਤੁਸੀਂ ਉਸ ਨੂੰ ਦੁਸ਼ਮਣ ਦੇਸ਼ `ਚ ਜਾਣ ਦੀ ਪ੍ਰਵਾਲਗੀ ਦਿੱਤੀ ਸੀ, ਕੀ ਤੁਸੀਂ ਉਸ ਨੂੰ ਉਸ ਦੇਸ਼ ਦੇ ਫ਼ੌਜੀ ਜਰਨੈਲ ਨੂੰ ਜੱਫੀ ਪਾਉਣ ਲਈ ਆਖਿਆ ਸੀ? ਕੀ ਤੁਸੀਂ ਉਸ ਖਿ਼ਲਾਫ਼ ਕੋਈ ਕਾਰਵਾਈ ਕਰੋਗੇ?`
ਗੁਰਦਾਸਪੁਰ ਜਿ਼ਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਿਰਫ਼ ਤਿੰਨ ਕੁ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ ਪਰ ਉਹ ਪਾਕਿਸਤਾਨ `ਚ ਰਾਵੀ ਦਰਿਆ ਦੇ ਕੰਢੇ `ਤੇ ਸਥਿਤ ਹੈ। ਸ੍ਰੀਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਆਪਣੇ ਉਮਰ ਦੇ ਆਖ਼ਰੀ 18 ਵਰ੍ਹੇ ਬਿਤਾਏ ਸਨ।
I ask Rahul Gandhi that a minister of your party went to an enemy nation, betrayed our people & played with the sentiments of the Sikhs. Was this all done with your blessings? Will you take action against him or are you hand in glove with him?: Union Minister Harsimrat Kaur Badal pic.twitter.com/VWNmYuXxUs
— ANI (@ANI) September 18, 2018