ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਹੈ ਕਿ ਜੰਮੂ ਤੇ ਹੋਰਨਾਂ ਥਾਵਾਂ ’ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜਾਂ ਦੀ ਹਿੰਸਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹੀਂ, ਸਗੋਂ ਸਿੱਖਾਂ ਨੇ ਬਚਾਇਆ ਸੀ।
ਨੈਸ਼ਨਲ ਕਾਨਫ਼ਰੰਸ ਦੇ ਆਗੂ ਸ੍ਰੀ ਉਮਰ ਅਬਦੁੱਲ੍ਹਾ ਨੇ ਬਾਰਾਮੂਲਾ ਕਸਬੇ ਵਿੱਚ ਪਾਰਟੀ ਕਾਰਕੁੰਨਾਂ ਤੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ – ‘ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜਾਂ ਦੀ ਹਿੰਸਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹੀਂ, ਸਗੋਂ ਸਿੱਖਾਂ ਨੇ ਬਚਾਇਆ ਸੀ।’
ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ – ‘ਜੰਮੂ ਤੇ ਹੋਰਨਾਂ ਸੂਬਿਆਂ ਵਿੱਚ ਸੱਜੇ–ਪੱਖੀ ਅੱਤਵਾਦੀਆਂ ਦੇ ਹਮਲਿਆਂ ਤੋਂ ਵਿਦਿਆਰਥੀਆਂ ਨੂੰ ਬਚਾਉਣਾ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਸੀ। ਪਰ ਮੰਦੇਭਾਗੀਂ, ਜਿੱਥੇ ਕਿਤੇ ਵੀ ਕਦੇ ਕੋਈ ਹਿੰਸਾ ਵਾਪਰਦੀ ਹੈ, ਉੱਥੇ ਮੋਦੀ ਸਰਕਾਰ ਦਾ ਕਿਤੇ ਨਾਮੋ–ਨਿਸ਼ਾਨ ਵੀ ਨਹੀਂ ਹੁੰਦਾ।’
ਸ੍ਰੀ ਉਮਰ ਅਬਦੁੱਲ੍ਹਾ ਨੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਦੌਰਾਨ ਲੋਕਾਂ ਨੂੰ ਗੋਲੀਆਂ ਦੇ ਪਲਾਸਟਿਕ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਉਹੀ ਉਨ੍ਹਾਂ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਜਤਨ ਕਰ ਰਹੇ ਹਨ।
ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਆਗੂ ਅਲੀ ਮੁਹੰਮਦ ਸਾਗਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੈਸ਼ਨਲ ਕਾਨਫ਼਼ਰੰਸ ਦੇ ਕਾਰਕੁੰਨ ‘ਅਸਲ ਮੁਜਾਹਿਦੀਨ’ ਭਾਵ ਅਸਲ–ਜੋਧੇ ਹਨ। ਚੇਤੇ ਰਹੇ ਕਿ ਬੀਤੇ ਦਿਨੀਂ ਮਹਿਬੂਬਾ ਮੁਫ਼ਤੀ ਨੇ ਵੀ ਆਪਣੇ ਪਾਰਟੀ ਕਾਰਕੁੰਨਾਂ ਨੂੰ ‘ਅਸਲ ਮੁਜਾਹਿਦੀਨ’ ਦੱਸਿਆ ਸੀ।