ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐੱਮਪੀ ਸਿਮਰਨਜੀਤ ਸਿੰਘ ਮਾਨ ਭਾਵੇਂ ਆਪਣੇ ਕੁਝ ਵੱਖਰੇ ਕਿਸਮ ਦੇ ਬਿਆਨਾਂ ਤੇ ਖ਼ਾਲਿਸਤਾਨ ਦੇ ਹੱਕ ਵਿੱਚ ਸਟੈਂਡ ਲੈਣ ਕਾਰਨ ਅਕਸਰ ਖ਼ਬਰਾਂ ’ਚ ਬਣੇ ਰਹਿੰਦੇ ਹਨ ਪਰ ਹੁਣ ਉਨ੍ਹਾਂ ਨੇ ਕਿਸੇ ਹੋਰ ਗੱਲ ਕਾਰਨ ਮੀਡੀਆ ਦਾ ਧਿਆਨ ਖਿੱਚਿਆ ਹੈ।
ਬੀਤੇ ਦਿਨੀਂ ਸ੍ਰੀ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠਲਾ ਸ਼੍ਰੋਮਣੀ ਅਕਾਲੀ ਦਲ (ਦਿੱਲੀ)ਇੱਕ ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਲੈ ਕੇ ਗਿਆ ਸੀ। ਜਿਸ ਬੱਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਮੌਜੂਦ ਸੀ, ਉਸੇ ਵਿੱਚ ਸ੍ਰੀ ਸਿਮਰਨਜੀਤ ਸਿੰਘ ਮਾਨ ਵੀ ਬੈਠੇ ਸਨ।
ਅਟਾਰੀ ਵਿਖੇ ਦੋ ਦੇਸ਼ਾਂ ਦੀ ਸਾਂਝੀ ਚੌਕੀ ਉੱਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਬੈਂਡ ਨੇ ਇਸ ਨਗਰ ਕੀਰਤਨ ਦਾ ਸੁਆਗਤ ਕੀਤਾ। ਸਾਬਕਾ ਆਈਪੀਐੱਸ ਅਧਿਕਾਰੀ ਸ੍ਰੀ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਪੁਲਿਸ ਦੇ ਬੈਂਡ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ।
ਪੁਲਿਸ ਬੈਂਡ ਨੇ ਸ੍ਰੀ ਮਾਨ ਸਾਹਮਣੇ ਕਾਫ਼ੀ ਚਿਰ ਆਪਣੀਆਂ ਸੰਗੀਤਕ ਵਜਾਉਣੀਆਂ ਜਾਰੀ ਰੱਖੀਆਂ। ਤਦ ਸ੍ਰੀ ਮਾਨ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ 1,100 ਰੁਪਏ ਦਿੱਤੇ।