ਸਿੰਗਾਪੁਰ ਹਾਈ ਕੋਰਟ ਨੇ ਇੱਕ ਭਾਰਤੀ ਜਾਂਚ ਏਜੰਸੀ ਦੀ ਅਰਜ਼ੀ 'ਤੇ ਅਰਬਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ ਧੋਖਾਧੜੀ ਮਾਮਲੇ ਵਿੱਚ ਮੁਲਜ਼ਮ ਨੀਰਵ ਮੋਦੀ ਦੀ ਭੈਣ ਅਤੇ ਬਹਿਨੋਈ ਦੇ ਬੈਂਕ ਵਿੱਚ ਜਮ੍ਹਾਂ 44.41 ਕਰੋੜ ਰੁਪਏ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ।
ਭਾਰਤੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟਰ (ਈਡੀ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਮਨੀ ਲਾਂਡ੍ਰਿੰਗ ਜਾਂਚ ਦੇ ਸਿਲਸਿਲੇ ਵਿੱਚ ਇਹ ਹੁਕਮ ਦਿੱਤਾ ਗਿਆ ਹੈ।
ਏਜੰਸੀ ਨੇ ਕਿਹਾ ਕਿ ਜ਼ਬਤ ਕੀਤਾ ਗਿਆ ਖਾਤਾ ਪੈਵੇਲੀਅਨ ਪੁਆਇੰਟ ਕਾਰਪੋਰੇਸ਼ਨ ਦੇ ਨਾਂ ਤੋਂ ਬੈਂਕ ਖਾਤਾ ਹੈ। ਇਹ ਕੰਪਨੀ ਬ੍ਰਿਟਿਸ਼ ਵਰਜਿਨ ਆਈਲੈਂਡ ਵਿੱਚ ਸਥਿਤ ਹੈ। ਇਸ ਕੰਪਨੀ ਤੋਂ ਲਾਭ ਲੈਣ ਵਾਲੇ ਵਿਅਕਤੀਆਂ ਵਿੱਚ ਪੂਰਵੀ ਮੋਦੀ ਅਤੇ ਮਯੰਕ ਮੇਹਤਾ ਦਾ ਨਾਮ ਦੱਸਿਆ ਗਿਆ ਹੈ।
ਪੂਰਵੀ ਨੀਰਵ ਮੋਦੀ ਦੀ ਭੈਣ ਹੈ ਅਤੇ ਮਯੰਕ ਨੀਰਵ ਮੋਦੀ ਦਾ ਬਹਿਨੋਈ ਹੈ। ਭਗੌੜਾ ਆਰਥਿਕ ਅਪਰਾਧੀ ਐਲਾਨਿਆ ਨੀਰਵ ਮੌਦੀ ਇਸ ਸਮੇਂ ਲੰਡਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਲਈ ਕਾਨੂੰਨੀ ਕਾਰਵਾਈ ਚੱਲ ਰਹੀ ਹੈ।
ਸਿੰਗਾਪੁਰ ਹਾਈ ਕੋਰਟ ਨੇ ਈ ਡੀ ਦੀ ਬੇਨਤੀ 'ਤੇ ਉਥੇ ਜਮ੍ਹਾਂ 61.22 ਲੱਖ ਅਮਰੀਕੀ ਡਾਲਰ (44.41 ਕਰੋੜ ਰੁਪਏ) ਜ਼ਬਤ ਕਰਨ ਦੇ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਆਧਾਰ ਉੱਤੇ ਰਾਸ਼ੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਕਿ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਰਕਮ ਅਪਰਾਧ ਦੀ ਕਮਾਈ ਹੈ ਜਿਸ ਨੂੰ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ ਲੈ ਕੇ ਥੋਖਾਧੜੀ ਕਰਕੇ ਹਾਸਲ ਕੀਤਾ ਹੈ।