ਰਾਜਧਾਨੀ ਦਿੱਲੀ 'ਚ ਨਾਗਰਿਕਤਾ (ਸੋਧ) ਕਾਨੂੰਨ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਹਿੰਸਾ ਫੈਲਾਉਣ ਵਾਲੇ ਲੋਕਾਂ ਵਿਰੁੱਧ ਦਿੱਲੀ ਪੁਲਿਸ ਐਕਸ਼ਨ 'ਚ ਆ ਗਈ ਹੈ। ਸਪੈਸ਼ਲ ਸੈਲ ਨੇ ਅਜਿਹੇ 90 ਲੋਕਾਂ ਦੀ ਪਛਾਣ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਗਲਤ ਪੋਸਟਾਂ ਪਾ ਕੇ ਲੋਕਾਂ ਨੂੰ ਭੜਕਾ ਰਹੇ ਹਨ। ਸਪੈਸ਼ਲ ਸੈਲ ਦੀ ਸ਼ਿਕਾਇਤ 'ਤੇ ਇਨ੍ਹਾਂ ਸਾਰੇ ਲੋਕਾਂ ਦੇ ਟਵਿਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਬੰਦ ਕੀਤੇ ਜਾ ਰਹੇ ਹਨ।
ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਰੋਸ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ। ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਪਿੱਛੇ ਕੁੱਝ ਗੈਰ-ਸਮਾਜਿਕ ਅਨਸਰਾਂ ਵਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਦੱਸੀ ਜਾ ਰਹੀ ਹੈ। ਉਹ ਆਪਣੇ-ਆਪਣੇ ਗਰੁੱਪਾਂ 'ਚ ਹਿੰਸਾ ਨੂੰ ਵਧਾਉਣ ਵਾਲੀ ਸਮੱਗਰੀ ਪੋਸਟ ਕਰ ਰਹੇ ਹਨ।
ਸਪੈਸ਼ਲ ਸੈਲ ਦੇ ਸਾਇਬਰ ਵਿੰਗ ਨੇ ਫਿਲਹਾਲ 90 ਤੋਂ ਵੱਧ ਅਜਿਹੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਹਨ, ਜਿਨ੍ਹਾਂ ਨੇ ਹਿੰਸਾ ਦੇ ਉਦੇਸ਼ ਨਾਲ ਅਫਵਾਹਾਂ ਫੈਲਾਈਆਂ। ਸਪੈਸ਼ਲ ਸੈਲ ਦੀ ਟੀਮ ਨੇ ਅਜਿਹੇ ਸਾਰੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬੰਦ ਕਰਨ ਲਈ ਫੇਸਬੁੱਕ, ਟਵਿਟਰ, ਵੱਟਸਐਪ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਨੂੰ ਚਿੱਠੀ ਲਿਖੀ ਹੈ।
ਵੀਰਵਾਰ ਦੁਪਹਿਰ ਤਕ ਕਈ ਅਕਾਊਂਟ ਬੰਦ ਕਰ ਦਿੱਤੇ ਗਏ ਸਨ। ਬਾਕੀ ਬਚੇ ਅਕਾਊਂਟ ਵੀ ਛੇਤੀ ਬੰਦ ਹੋ ਜਾਣਗੇ। ਇਸ ਦੇ ਨਾਲ ਹੀ ਸੈਂਕੜੇ ਅਜਿਹੇ ਵੱਟਸਐਪ ਗਰੁੱਪਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਜੋ ਕਈ ਦਿਨਾਂ ਤੋਂ ਲਗਾਤਾਰ ਝੂਠੇ ਅਤੇ ਭੜਕਾਊ ਮੈਸੇਜ਼ਾਂ ਨੂੰ ਕਈ ਗਰੁੱਪਾਂ 'ਚ ਭੇਜ ਰਹੇ ਹਨ।