ਬਰਫ਼ ਨਾਲ ਢਕੇ ਪਹਾੜਾਂ ਉੱਤੇ ਭਾਰਤ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਤੇ ਅਧਿਕਾਰੀਆਂ ਲਈ ਸੂਰਜੀ (ਸੋਲਰ) ਊਰਜਾ ਨਾਲ ਚੱਲਣ ਵਾਲੇ ਹੀਟਰ ਲਾਏ ਜਾਣਗੇ। ਹਿਮਾਲਾ ਪਰਬਤ ਦੀਆਂ ਬਰਫ਼ਾਨੀ ਪਹਾੜੀਆਂ ਉੱਤੇ ਤਾਇਨਾਤ ਫ਼ੌਜੀਆਂ ਲਈ ਸੂਰਜੀ ਊਰਜਾ ਪਲਾਂਟ ਲਾਉਣ ਦੀਆਂ ਤਿਆਰੀਆਂ ਹੁਣ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇੰਝ ਜਵਾਨਾਂ ਨੂੰ ਸੂਰਜੀ ਊਰਜਾ ਰਾਹੀਂ ਬਿਜਲੀ ਉਪਲਬਧ ਕਰਵਾਈ ਜਾ ਸਕੇਗੀ।
ਇਸ ਬਾਰੇ ਨਵਿਆਉਣਯੋਗ ਊਰਜਾ ਬਾਰੇ ਮੰਤਰਾਲੇ ਨੇ ਪਿਛਲੇ ਹਫ਼ਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੁਝ ਫ਼ੌਜੀ ਚੌਕੀਆਂ ਉੱਤੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਉੱਤੇ ਸਹਿਮਤੀ ਬਣੀ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਛੇਤੀ ਸ਼ੁਰੂ ਹੋ ਜਾਵੇਗਾ। ਪ੍ਰੋਜੈਕਟ ਦੇ ਨਤੀਜਿਆਂ ਦਾ ਅਧਿਐਨ ਕਰ ਕੇ ਇਸ ਦਿਸ਼ਾ ਵਿੱਚ ਅੱਗੇ ਵਧਿਆ ਜਾਵੇਗਾ।
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਆਚਿਨ ਸਮੇਤ ਹਿਮਾਲਾ ਪਰਬਤ ਉੱਤੇ ਕਈ ਚੌਕੀਆਂ ਉੱਤੇ ਤਾਪਮਾਨ ਸਿਫ਼ਰ ਤੋਂ ਵੀ 40–50 ਡਿਗਰੀ ਹੇਠਾਂ ਰਹਿੰਦਾ ਹੈ। ਤਦ ਸੂਰਜੀ ਊਰਜਾ ਨਾਲ ਜੁੜੇ ਉਪਕਰਨ ਪਹੁੰਚਾਉਣਾ ਬਹੁਤ ਵੱਡੀ ਚੁਣੌਤੀ ਹੈ।
ਇਸੇ ਲਈ ਇਹ ਅਧਿਐਨ ਕਰਨਾ ਜ਼ਰੂਰੀ ਹੈ ਕਿ ਇੰਨੀ ਠੰਢ ਵਿੱਚ ਸੂਰਜੀ ਊਰਜਾ ਲਈ ਲਾਏ ਜਾਣ ਵਾਲੇ ਪੈਨਲ ਕਿੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦੇ ਹਨ।
ਅਧਿਕਾਰੀ ਨੇ ਦੱਸਿਆ ਕਿ ਬਰਫ਼ਾਨੀ ਚੋਟੀਆਂ ਉੱਤੇ ਸੂਰਜੀ ਊਰਜਾ ਰਾਹੀਂ ਫ਼ੌਜੀ ਹੀਟਰ ਵਰਤ ਸਕਣਗੇ। ਸਿਆਚਿੰਨ ’ਚ ਫ਼ੌਜੀ ਚੌਕੀਆਂ ਨੂੰ ਗਰਮ ਰੱਖਣ ਲਈ ਇੱਕ ਖ਼ਾਸ ਅੰਗੀਠੀ ਵਰਤੀ ਜਾਂਦੀ ਹੈ। ਉਸ ਵਿੱਚ ਲੋਹੇ ਦੇ ਇੱਕ ਸਿਲੰਡਰ ਵਿੱਚ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਬਾਲ਼ਿਆ ਜਾਂਦਾ ਹੈ। ਫਿਰ ਉਹ ਸਿਲੰਡਰ ਗਰਮ ਹੋ ਕੇ ਬਿਲਕੁਲ ਲਾਲ ਹੋ ਜਾਂਦਾ ਹੈ ਤੇ ਚੌਕੀ ਗਰਮ ਹੋ ਜਾਂਦੀ ਹੈ।